ਨਵੀਂ ਦਿੱਲੀ, 8 ਜੂਨ
ਜਨਤਾ ਦਲ (ਯੂਨਾਈਟਿਡ) ਦੇ ਸੰਸਦ ਮੈਂਬਰ ਸੰਜੇ ਝਾਅ ਨੇ ਪਾਰਟੀ ਦੇ ਬੁਲਾਰੇ ਕੇ ਸੀ ਤਿਆਗੀ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ‘ਇੰਡੀਆ’ ਗੱਠਜੋੜ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਤੇ ਜੇਡੀ(ਯੂ) ਪ੍ਰਧਾਨ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਕੇ ਸੀ ਤਿਆਗੀ ਨੇ ਅੱਜ ਉਪਰੋਕਤ ਦਾਅਵਾ ਕਰ ਕੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਸੀ। ਹਾਲਾਂਕਿ, ਨਿਤੀਸ਼ ਕੁਮਾਰ ਦੇ ਵਿਸ਼ਵਾਸਪਾਤਰ ਝਾਅ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ, ‘‘ਸਾਡੀ ਪਾਰਟੀ ਵਿੱਚ ਅਜਿਹੀ ਕੋਈ ਸੂਚਨਾ ਨਹੀਂ ਹੈ। ਨਾ ਹੀ ਇਸ ਬਾਰੇ ਮੁੱਖ ਮੰਤਰੀ ਨੂੰ ਪਤਾ ਹੈ। ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਧਿਆਨ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ।’’ –ਪੀਟੀਆਈ