ਅਹਿਮਦਾਬਾਦ, 19 ਮਈ
ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਪਾਟੀਦਰ ਆਗੂ ਹਾਰਦਿਕ ਪਟੇਲ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਪਾਰਟੀ ’ਚ ਆਪਣੇ ਤਿੰਨ ਸਾਲ ਬਰਬਾਦ ਕਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਦਾ ਕੋਈ ਫ਼ੈਸਲਾ ਨਹੀਂ ਕੀਤਾ ਹੈ।
ਪਟੇਲ (28) ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਯੁੱਧਿਆ ਮਾਮਲੇ ਅਤੇ ਧਾਰਾ 370 ਹਟਾਏ ਜਾਣ ਦੇ ਮੁੱਦੇ ’ਤੇ ਭਾਜਪਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੋਈ ਨਜ਼ਰੀਆ ਨਹੀਂ ਹੈ ਅਤੇ ਪਾਰਟੀ ਦੇ ਨੇਤਾ ਗੁਜਰਾਤੀ ਲੋਕਾਂ ਨਾਲ ਪੱਖਪਾਤ ਕਰਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਜਪਾ ਜਾਂ ‘ਆਪ’ ’ਚ ਸ਼ਾਮਲ ਹੋ ਸਕਦੇ ਹਨ, ਪਟੇਲ ਨੇ ਕਿਹਾ, ‘ਮੈਂ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਫਿਰ ਭਾਵੇਂ ਉਹ ਭਾਜਪਾ ਹੋਵੇ ਜਾਂ ‘ਆਪ’। ਮੈਂ ਜੋ ਵੀ ਫ਼ੈਸਲਾ ਲਵਾਂਗਾ, ਜਨਤਾ ਦੇ ਹਿੱਤਾਂ ਨੂੰ ਦੇਖਦੇ ਹੋਏ ਲਵਾਂਗਾ।’ ਪਟੇਲ ਅਨੁਸਾਰ ਕਾਂਗਰਸ ਨਾਲ ਉਨ੍ਹਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਜੁਲਾਈ 2020 ’ਚ ਪਾਰਟੀ ਦੀ ਸੂਬਾ ਇਕਾਈ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੇ ਬਾਵਜੂਦ ਉਸ ਨੂੰ ਕੋਈ ਸਾਰਥਕ ਭੂਮਿਕਾ ਨਹੀਂ ਦਿੱਤੀ ਗਈ। -ਪੀਟੀਆਈ
ਜੇਲ੍ਹ ਜਾਣ ਦੇ ਡਰੋਂ ਹਾਰਦਿਕ ਨੇ ਪਾਰਟੀ ਛੱਡੀ: ਕਾਂਗਰਸ
ਅਹਿਮਦਾਬਾਦ: ਗੁਜਰਾਤ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਜਗਦੀਸ਼ ਠਾਕੁਰ ਨੇ ਕਿਹਾ ਕਿ ਹਾਰਦਿਕ ਪਟੇਲ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਖ਼ਿਲਾਫ਼ ਦਰਜ ਦੇਸ਼ ਦੇ ਕੇਸ ’ਚ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪਟੇਲ ਹਾਕਮ ਪਾਰਟੀ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਆਗੂ ਨੇ ਇਹ ਦਾਅਵੇ ਪਟੇਲ ਵੱਲੋਂ ਇੱਥੇ ਕੀਤੇ ਪੱਤਰਕਾਰ ਸੰਮੇਲਨ ਤੋਂ ਤੁਰੰਤ ਬਾਅਦ ਕੀਤੇ। ਠਾਕੁਰ ਨੇ ਦੋਸ਼ ਲਾਇਆ ਪਟੇਲ ਨੇ ਪੱਤਰਕਾਰ ਸੰਮੇਲਨ ਦੌਰਾਨ ਜੋ ਕੁਝ ਵੀ ਕਿਹਾ ਤੇ ਜੋ ਕੁਝ ਵੀ ਉਨ੍ਹਾਂ ਆਪਣੇ ਅਸਤੀਫੇ ’ਚ ਲਿਖਿਆ ਸੀ, ਉਹ ਸਭ ਉਨ੍ਹਾਂ ਭਾਜਪਾ ਦੇ ਕਹਿਣ ’ਤੇ ਕੀਤਾ ਹੈ। -ਪੀਟੀਆਈ