ਯਮੁਨਾਨਗਰ, 29 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਨਫਰਤ ਦੇ ਬਾਜ਼ਾਰ’ ਸਬੰਧੀ ਟਿੱਪਣੀ ਲਈ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਖੌਤੀ ‘ਮੁਹੱਬਤ ਦੀ ਦੁਕਾਨ’ ਦੀ ਕੋਈ ਲੋੜ ਨਹੀਂ ਹੈ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਮੌਕੇ ਰੱਖਿਆ ਮੰਤਰੀ ਨੇ ‘ਗੌਰਵਸ਼ਾਲੀ ਭਾਰਤ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਯੋਜਨਾਵਾਂ ਜਿਨ੍ਹਾਂ ਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਉਹ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ, ‘ਪਰ ਸਾਡੇ ਕਾਂਗਰਸ ਦੇ ਲੋਕਾਂ ਨਾਲ ਕੀ ਹੋ ਰਿਹਾ ਹੈ? ਉਨ੍ਹਾਂ ਦੇ ਇੱਕ ਨੇਤਾ ਅਤੇ ਇਹ ਨੇਤਾਜੀ ਜਿੱਥੇ ਵੀ ਜਾਂਦੇ ਹਨ, ਕਹਿੰਦੇ ਹਨ ‘ਨਫਰਤ ਦਾ ਬਾਜ਼ਾਰ ਹੈ’ ਅਤੇ ਉਹ ‘ਮੁਹੱਬਤ ਦੀ ਦੁਕਾਨ’ ਖੋਲ੍ਹਣ ਆਏ ਹਨ।’ ਰੱਖਿਆ ਮੰਤਰੀ ਨੇ ਹਾਲਾਂਕਿ ਰਾਹੁਲ ਦਾ ਨਾਂ ਨਹੀਂ ਲਿਆ ਪਰ ਉਹ ਵਿਰੋਧੀ ਆਗੂ ਦੇ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਤਨਜ਼ ਕਸ ਰਹੇ ਸਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਹਾਕਮ ਧਿਰ ਭਾਜਪਾ ‘ਤੇ ਨਫਰਤ ਫੈਲਾਉਣ ਦਾ ਦੋਸ਼ ਲਾਇਆ ਸੀ।
ਰਾਜਨਾਥ ਨੇ ਕਿਹਾ, ‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਹਰਿਆਣਾ ‘ਚ ਕੋਈ ਨਫਰਤ ਦਾ ਬਾਜ਼ਾਰ ਹੈ?’ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਆਗੂ ਦੀ ਮੁਹੱਬਤ ਦੀ ਦੁਕਾਨ ਲਈ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਸਵਾਲ ਕੀਤਾ, ‘ਨਫਰਤ ਕਿੱਥੇ ਹੈ?’ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਭਾਰਤ ਕੌਮਾਂਤਰੀ ਮੰਚਾਂ ਤੋਂ ਬੋਲਦਾ ਸੀ ਤਾਂ ਲੋਕ ਉਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਸੀ ਕਿਉਂਕਿ ਉਹ ਇਸ ਨੂੰ ਕਮਜ਼ੋਰ ਤੇ ਗਰੀਬ ਮੁਲਕ ਸਮਝਦੇ ਸਨ ਪਰ ਅੱਜ ਭਾਰਤ ਨੂੰ ਕੌਮਾਂਤਰੀ ਮੰਚਾਂ ਤੋਂ ਸੁਣਿਆ ਜਾਂਦਾ ਹੈ। ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਾਰਟੀ ਨੇ ਮੈਨੀਫੈਸਟੋ ‘ਚ ਜੋ ਵੀ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਹਨ। -ਪੀਟੀਆਈ