ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਕਿਹਾ ਕਿ ਐੱਲਐੱਨਜੇਪੀ ਹਸਪਤਾਲ ’ਚ ਦਾਖਲ ਮੰਕੀਪੌਕਸ ਤੋਂ ਪੀੜਤ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਇਸ ਤੋਂ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਉਨ੍ਹਾਂ ਮੰਕੀਪੌਕਸ ਅਤੇ ਡੇਂਗੂ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਹਸਪਤਾਲ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ, ‘ਐੱਲਐੱਨਜੇਪੀ ਹਸਪਤਾਲ ਵਿੱਚ ਮੰਕੀਪੌਕਸ ਦਾ ਮਰੀਜ਼ ਦਾਖਲ ਹੈ। ਉਹ ਬੀਤੇ ਦਿਨੀਂ ਵਿਦੇਸ਼ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਯਾਤਰਾ ਦੌਰਾਨ ਹੀ ਉਸ ਨੂੰ ਇਹ ਲਾਗ ਲੱਗੀ।’ ਉਨ੍ਹਾਂ ਕਿਹਾ, ‘ਮਰੀਜ਼ ਨੂੰ ਵੱਖਰੇ ਵਾਰਡ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।’ ਭਾਰਦਵਾਜ ਨੇ ਕਿਹਾ ਕਿ ਮੰਕੀਪੌਕਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਹਵਾ ਰਾਹੀਂ ਨਹੀਂ ਸਗੋਂ ਕਿਸੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੀਤੇ ਦਿਨ ਕਿਹਾ ਸੀ ਕਿ ਇਹ ‘ਇਕਲੌਤਾ ਕੇਸ’ ਹੈ ਤੇ ਲੋਕਾਂ ਨੂੰ ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ) ਹਸਪਤਾਲ ਵਿੱਚ ਮਰੀਜ਼ਾਂ ਲਈ ਕੁੱਲ 20 ਆਈਸੋਲੇਸ਼ਨ ਕਮਰੇ ਹਨ, ਜਿਨ੍ਹਾਂ ’ਚੋਂ 10 ਮੰਕੀਪੌਕਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਲਈ ਹਨ।