ਨਵੀਂ ਦਿੱਲੀ (ਟਨਸ): ਵੱਖ-ਵੱਖ ਮਸਲਿਆਂ ’ਤੇ ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਦੇਸ਼ ਦੀ ਵਿਦੇਸ਼ੀ ਨੀਤੀ ਸਬੰਧੀ ਸੋਸ਼ਲ ਮੀਡੀਆ ’ਤੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਜ ਸਭਾ ਮੈਂਬਰ ਸਵਾਮੀ ਨੇ ਕਿਹਾ ਕਿ ਕਿਹੜਾ ਅਜਿਹਾ ਗੁਆਂਢੀ ਮੁਲਕ ਹੈ, ਜੋ ਭਾਰਤ ਦੀ ਇੱਜ਼ਤ ਕਰਦਾ ਹੈ। ਅਮਰੀਕੀ ਫ਼ੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਦੇ ਕਈ ਜ਼ਿਲ੍ਹਿਆਂ ਦੇ ਦਿਹਾਤੀ ਖੇਤਰਾਂ ’ਤੇ ਕਬਜ਼ਾ ਕਰ ਲਿਆ ਹੈ। ਅਫ਼ਗਾਨੀ ਸੁਰੱਖਿਆ ਦਸਤੇ ਤਾਲਿਬਾਨੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਗਾਤਾਰ ਜੂਝ ਰਹੇ ਹਨ। ਅਫ਼ਗਾਨਿਸਤਾਨ ਦੇ ਅੰਦਰੂਨੀ ਸੰਕਟ ਨੂੰ ਲੈ ਕੇ ਅਮਰੀਕਾ, ਰੂਸ, ਚੀਨ ਅਤੇ ਪਾਕਿਸਤਾਨ ਅਗਲੇ ਦਿਨਾਂ ਵਿੱਚ ਕਤਰ ਦੀ ਰਾਜਧਾਨੀ ਦੋਹਾ ’ਚ ਮੀਟਿੰਗ ਕਰਨ ਜਾ ਰਹੇ ਹਨ। ਭਾਰਤ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਰਿਹਾ। ਟਵਿੱਟਰ ’ਤੇ ਇੱਕ ਵਰਤੋਂਕਾਰ ਨੇ ਸਵਾਮੀ ਤੋਂ ਦੋਹਾ ਮੀਟਿੰਗ ਵਿੱਚੋਂ ਬਾਹਰ ਰਹਿਣ ਦਾ ਕਾਰਨ ਪੁੱਛਿਆ ਤਾਂ ਭਾਜਪਾ ਆਗੂ ਨੇ ਕਿਹਾ, ‘‘ਇਹ ਤਾਂ ਸਪਸ਼ਟ ਹੈ। ਤੁਸੀਂ ਦੁਨੀਆਂ ਵਿੱਚ ਆਪਣੀ ਥਾਂ ਪਛਾਣੋ। ਜੇ ਤੁਸੀਂ ਕੌਮਾਂਤਰੀ ਮੁੱਦੇ ਤੋਂ ਲੈ ਕੇ ਆਪਣੀ ਜ਼ਮੀਨ ’ਤੇ ਕਬਜ਼ਾ ਹੋਣ ਤੱਕ ਦੇ ਮੁੱਦੇ ਬਾਰੇ ਵੀ ਗੋਲਮੋਲ ਗੱਲਾਂ ਕਰੋਗੇ ਤਾਂ ਕਿਸੇ ਵੀ ਦੇਸ਼ ਤੋਂ ਭਾਰਤ ਨੂੰ ਤਵੱਜੋ ਦੇਣ ਦੀ ਉਮੀਦ ਕਿਉਂ ਕਰਦੇ ਹੋ। ਅੱਜ ਸਾਡਾ ਅਜਿਹਾ ਕਿਹੜਾ ਗੁਆਂਢੀ ਮੁਲਕ ਹੈ, ਜੋ ਭਾਰਤ ਦੀ ਇੱਜ਼ਤ ਕਰਦਾ ਹੈ।’’