ਕਾਵਾਰੱਤੀ, 2 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਦੁਨੀਆਂ ਦਾ ਕੋਈ ਵੀ ਵਿਅਕਤੀ ਲਕਸ਼ਦੀਪ ਦੇ ਮੁਸਲਮਾਨਾਂ ਜਾਂ ਹੋਰਨਾਂ ਟਾਪੂ ਵਾਸੀਆਂ ਦੀ ਦੇਸ਼ਭਗਤੀ ਬਾਰੇ ਸਵਾਲ ਜਾਂ ਸ਼ੱਕ ਨਹੀਂ ਕਰ ਸਕਦਾ ਕਿਉਂਕਿ ਉਹ ਦੇਸ਼ ਵਿਰੋਧੀ ਤਾਕਤਾਂ ਨੂੰ ਸਮੱਸਿਆਵਾਂ ਖੜ੍ਹੀਆਂ ਕਰਨ ਜਾਂ ਦੇਸ਼ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਰੱਖਿਆ ਮੰਤਰੀ ਇੱਥੇ ਮਹਾਤਮਾ ਗਾਂਧੀ ਦੀ 152ਵੀਂ ਜੈਅੰਤੀ ਮੌਕੇ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕਰਨ ਸਬੰਧੀ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਜਨਾਥ ਇੱਥੇ ਦੋ ਦਿਨ ਦੇ ਅਧਿਕਾਰਿਤ ਦੌਰੇ ’ਤੇ ਆਏ ਹੋਏ ਹਨ। ਇਸ ਤੋਂ ਪਹਿਲਾਂ ਲਕਸ਼ਦੀਪ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਨੇ ਅਗੱਤੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਰੱਖਿਆ ਸੂਤਰਾਂ ਨੇ ਦੱਸਿਆ ਕਿ ਕਾਵਾਰੱਤੀ ਵਿੱਚ ਪਹੁੰਚਣ ’ਤੇ ਭਾਰਤੀ ਰਿਜ਼ਰਵ ਬਟਾਲੀਅਨ ਫੋਰਸ ਨੇ ਰਾਜਨਾਥ ਨੂੰ ਗਾਰਡ ਆਫ ਆਨਰ ਦਿੱਤਾ। ਉਨ੍ਹਾਂ ਦੇ ਸਵਾਗਤ ਲਈ ਕਲਾਕਾਰਾਂ ਦੇ ਇੱਕ ਗਰੁੱਪ ਵੱਲੋਂ ਰਵਾਇਤੀ ਲੋਕ ਨਾਚ ਵੀ ਪੇਸ਼ ਕੀਤਾ ਗਿਆ। -ਪੀਟੀਆਈ