ਨਵੀਂ ਦਿੱਲੀ, 28 ਅਗਸਤ
ਦਿੱਲੀ ਦੀ ਅਦਾਲਤ ਨੇ ਅੱਜ ਪੰਜਾਬੀ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ਨੂੰ ਉਸ ਦੀ ਪਤਨੀ ਵੱਲੋਂ ਦਾਇਰ ਘਰੇਲੂ ਹਿੰਸਾ ਦੇ ਕੇਸ ਵਿੱਚ ਪੇਸ਼ ਨਾ ਹੋਣ ’ਤੇ ਖਾਸ਼ੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੈਟਰੋਪੋਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਕਿਹਾ, “ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਇਹ ਦੇਖ ਕੇ ਹੈਰਾਨ ਹਾਂ ਕਿ ਕਿਵੇਂ ਇਸ ਕੇਸ ਨੂੰ ਇੰਨੇ ਹਲਕੇ ਢੰਗ ਨਾਲ ਲਿਆ ਜਾ ਰਿਹਾ ਹੈ।’ ਗਾਇਕ ਨੇ ਮੈਡੀਕਲ ਅਧਾਰ ’ਤੇ ਕੇਸ ਵਿੱਚ ਪੇਸ਼ੀ ਤੋਂ ਛੋਟ ਮੰਗਣ ਲਈ ਅਰਜ਼ੀ ਦਾਇਰ ਕੀਤੀ ਹੈ, ਜਦ ਕਿ ਉਸ ਦੀ ਪਤਨੀ ਸ਼ਾਲਿਨੀ ਤਲਵਾੜ ਅਦਾਲਤ ਵਿੱਚ ਹਾਜ਼ਰ ਸੀ। ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਗਾਇਕ ਦੇ ਵਕੀਲ ਨੂੰ ਕਿਹਾ, “ਹਨੀ ਸਿੰਘ ਪੇਸ਼ ਨਹੀਂ ਹੋਇਆ, ਤੁਸੀਂ ਉਨ੍ਹਾਂ ਦੀ ਆਮਦਨੀ ਦਾ ਹਲਫਨਾਮਾ ਦਾਖਲ ਨਹੀਂ ਕੀਤਾ ਹੈ ਅਤੇ ਦਲੀਲਾਂ ਨਾਲ ਤਿਆਰ ਨਹੀਂ ਕੀਤੀਆਂ। ਇਹ ਕੋਈ ਮਜ਼ਾਰ ਹੋ ਰਿਹਾ ਹੈ।’ ਮੈਜਿਸਟਰੇਟ ਨੇ ਗਾਇਕ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਇੱਕ ਆਖਰੀ ਮੌਕਾ ਦਿੱਤਾ। ਸ਼ਾਲਿਨੀ ਤਲਵਾੜ ਨੇ ਆਪਣੇ ਗਾਇਕ-ਅਦਾਕਾਰ ਪਤੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਅਤੇ ਮੁਆਵਜ਼ੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।