ਨਵੀਂ ਦਿੱਲੀ: ਰਾਜ ਸਭਾ ਵਿੱਚ ਬੁੱਧਵਾਰ ਨੂੰ ਹੋਏ ਹੰਗਾਮੇ ਦੌਰਾਨ ਮਾਰਸ਼ਲਾਂ ਵੱਲੋਂ ਮਹਿਲਾ ਮੈਂਬਰਾਂ ਸਮੇਤ ਕੁਝ ਹੋਰਨਾਂ ਸੰਸਦ ਮੈਂਬਰਾਂ ਨਾਲ ਕਥਿਤ ਧੱਕਾਮੁੱਕੀ ਕੀਤੇ ਜਾਣ ਦੇ ਦਾਅਵਿਆਂ ਦਰਮਿਆਨ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਦਨ ਅੰਦਰ ਕੋਈ ਵੀ ਬਾਹਰਲਾ ਵਿਅਕਤੀ ਮਾਰਸ਼ਲ ਵਜੋਂ ਤਾਇਨਾਤ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਰਾਜ ਸਭਾ ਤੇ ਲੋਕ ਸਭਾ ਸਕੱਤਰੇਤਾਂ ਦੇ ਨਿਗਰਾਨੀ ਸਟਾਫ਼ ਨੂੰ ਹੀ ਲੋੜ ਮੁਤਾਬਕ ਤੇ ਪ੍ਰਵਾਨਗੀ ਅਧਾਰ ’ਤੇ ਮਾਰਸ਼ਲ ਵਜੋਂ ਤਾਇਨਾਤ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਇਹ ਦਾਅਵਾ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਕੋਲ ਕੀਤਾ ਹੈ। ਨਾਇਡੂ ਨੇ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਘੰਟੇ ਦੇ ਕਰੀਬ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਸਦਨ ਵਿਚਲੇ ਘਟਨਾਕ੍ਰਮ ਤੇ ਮਾਰਸ਼ਲਾਂ ਦੀ ਤਾਇਨਾਤੀ ਬਾਰੇ ਚਰਚਾ ਕੀਤੀ। -ਪੀਟੀਆਈ