ਨਵੀਂ ਦਿੱਲੀ, 15 ਮਾਰਚ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਅੰਤਰ-ਸੰਸਦੀ ਯੂਨੀਅਨ (ਆਈਪੀਯੂ) ਦੇ ਪ੍ਰਧਾਨ ਨੂੰ ਦੱਸਿਆ ਕਿ ਕਿਸੇ ਵੀ ਸੰਸਦ ਨੂੰ ਦੂਜੇ ਮੁਲਕਾਂ ਦੀ ਵਿਧਾਨਪਾਲਿਕਾ ਵੱਲੋਂ ਪਾਸ ਕਾਨੂੰਨਾਂ ਉਤੇ ਚਰਚਾ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਦੂਜੇ ਦੇਸ਼ ਦੀ ਅਖੰਡਤਾ ਨਾਲ ਜੁੜੇ ਮੁੱਦਿਆਂ ਉਤੇ ਵੀ ਵਿਚਾਰ-ਚਰਚਾ ਨਹੀਂ ਕੀਤੀ ਜਾਣੀ ਚਾਹੀਦੀ। ਬਿਰਲਾ ਨੇ ਇਹ ਟਿੱਪਣੀ ਆਈਪੀਯੂ ਦੇ ਪ੍ਰਧਾਨ ਦੁਆਰਤੇ ਪਚੇਕੋ ਨਾਲ ਮੁਲਾਕਾਤ ਦੌਰਾਨ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਯੂਕੇ ਦੀ ਸੰਸਦ ਨੇ ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਮੁੱਦੇ ਉਤੇ ਵਿਚਾਰ-ਚਰਚਾ ਕੀਤੀ ਸੀ। ਬਿਰਲਾ ਨੇ ਨਾਲ ਹੀ ਕਿਹਾ ਕਿ ਆਈਪੀਯੂ ਸੰਸਾਰ ਨੂੰ ਜਲਵਾਯੂ ਤਬਦੀਲੀ, ਸਿੱਖਿਆ, ਸਿਹਤ, ਆਰਥਿਕ ਤੇ ਟਿਕਾਊ ਵਿਕਾਸ ਜਿਹੇ ਮੁੱਦਿਆਂ ’ਤੇ ਪ੍ਰੇਰਣਾ ਦੇ ਰਿਹਾ ਹੈ। -ਪੀਟੀਆਈ