ਨਵੀਂ ਦਿੱਲੀ, 28 ਮਈ
ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਨੇ ਅੱਜ ਕਿਹਾ ਕਿ ਟੈਸਲਾ ਨੂੰ ਭਾਰਤ ’ਚ ਆਪਣੀਆਂ ਕਾਰਾਂ ਦੀ ਵਿਕਰੀ ਦੀ ਇਜਾਜ਼ਤ ਮਿਲਣ ਮਗਰੋਂ ਹੀ ਸਥਾਨਕ ਪੱਧਰ ’ਤੇ ਇਸ ਦੇ ਨਿਰਮਾਣ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਪੇਸਐਕਸ ਅਜੇ ਵੀ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਕਰ ਰਹੀ ਹੈ। ਐਲਨ ਮਸਕ ਭਾਰਤ ’ਚ ਆਪਣੇ ਵਾਹਨ ਵੇਚਣ ਲਈ ਇਸ ’ਤੇ ਲੱਗਣ ਵਾਲੇ ਟੈਕਸ ’ਚ ਕਮੀ ਕਰਨ ਦੀ ਮੰਗ ਕਰ ਰਿਹਾ ਹੈ।
ਮਸਕ ਨੇ ਭਾਰਤ ’ਚ ਟੈਸਲਾ ਦਾ ਨਿਰਮਾਣ ਪਲਾਂਟ ਲਾਉਣ ਦੀ ਸੰਭਾਵਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ, ‘ਟੈਸਲਾ ਕਿਸੇ ਵੀ ਅਜਿਹੀ ਥਾਂ ’ਤੇ ਆਪਣਾ ਪਲਾਂਟ ਨਹੀਂ ਲਾਏਗੀ ਜਿੱਥੇ ਉਸ ਨੂੰ ਪਹਿਲਾਂ ਆਪਣੀਆਂ ਕਾਰਾਂ ਦੀ ਵਿਕਰੀ ਤੇ ਸਰਵਿਸ ਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ। ਅਸੀਂ ਅਜੇ ਵੀ ਭਾਰਤ ਸਰਕਾਰ ਤੋਂਮਨਜ਼ੂਰੀ ਮਿਲਣ ਦੀ ਉਡੀਕ ਕਰ ਰਹੇ ਹਾਂ।’ ਮਸਕ ਦਾ ਇਹ ਬਿਆਨ ਇਸ ਲਿਹਾਜ਼ ਨਾਲ ਅਹਿਮ ਹੈ ਕਿ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਪਰੈਲ ਵਿੱਚ ਟੈਸਲਾ ਨੂੰ ਭਾਰਤ ’ਚ ਹੀ ਬਣੀਆਂ ਕਾਰਾਂ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ। ਗਡਕਰੀ ਨੇ ਕਿਹਾ ਸੀ ਕਿ ਜੇਕਰ ਟੈਸਲਾ ਭਾਰਤ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਲਈ ਤਿਆਰ ਹੈ ਤਾਂ ਉਹ ਇੱਥੇ ਵਿਕਰੀ ਕਰ ਸਕਦੀ ਹੈ ਪਰ ਕੰਪਨੀ ਚੀਨ ਤੋਂ ਕਾਰਾਂ ਦੀ ਦਰਾਮਦ ਨਹੀਂ ਕਰ ਸਕਦੀ। ਅਸਲ ਵਿੱਚ ਭਾਰਤ ਵਿਦੇਸ਼ਾਂ ’ਚ ਬਣੀਆਂ ਕਾਰਾਂ ਦੀ ਦਰਾਮਦ ’ਤੇ ਭਾਰੀ ਟੈਕਸ ਲਾਉਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਕੀਮਤ ਕਾਫੀ ਵੱਧ ਜਾਂਦੀ ਹੈ। ਮਸਕ ਨੇ ਪਿਛਲੇ ਸਾਲ ਅਗਸਤ ਵਿੱਚ ਕਿਹਾ ਸੀ ਕਿ ਟੈਸਲਾ ਭਾਰਤ ’ਚ ਆਪਣੇ ਵਾਹਨ ਵੇਚਣਾ ਚਾਹੁੰਦੀ ਹੈ ਪਰ ਇੱਥੇ ਟੈਕਸ ਦੁਨੀਆਂ ’ਚ ਸਭ ਤੋਂ ਜ਼ਿਆਦਾ ਹੈ। ਮਕਸ ਨੇ ਕਿਹਾ ਸੀ ਕਿ ਜੇਕਰ ਟੈਸਲਾ ਨੂੰ ਭਾਰਤੀ ਬਾਜ਼ਾਰ ਵਿਚ ਕਾਮਯਾਬੀ ਮਿਲਦੀ ਹੈ ਤਾਂ ਉਹ ਭਾਰਤ ’ਚ ਇਸ ਦਾ ਨਿਰਮਾਣ ਪਲਾਂਟ ਲਾਉਣ ਬਾਰੇ ਸੋਚ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਦੇਸ਼ ’ਚ ਬਣੀਆਂ 40 ਹਜ਼ਾਰ ਡਾਲਰ ਤੋਂ ਵੱਧ ਮੁੱਲ ਵਾਲੀਆਂ ਕਾਰਾਂ ਦੀ ਦਰਾਮਦ ’ਤੇ 100 ਫੀਸਦ ਟੈਕਸ ਲਾਉਂਦਾ ਹੈ। -ਪੀਟੀਆਈ