ਕੋਲਕਾਤਾ, 28 ਦਸੰਬਰ
ਨੋਬੇਲ ਪੁਰਸਕਾਰ ਜੇਤੂ ਅਮ੍ਰਤਿਆ ਸੇਨ ਨੇ ਮੁਲਕ ਵਿਚ ਬਹਿਸ ਤੇ ਅਸਹਿਮਤੀ ਲਈ ‘ਸੁੰਗੜਦੇ ਦਾਇਰੇ’ ਉਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਵਿਚ ਲੋਕਾਂ ਨੂੰ ਬਿਨਾਂ ਸੁਣਵਾਈ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਹੈ। ਇਕਪਾਸੜ ਢੰਗ ਨਾਲ ਦੇਸ਼ਧ੍ਰੋਹ ਦੇ ਦੋਸ਼ ਮੜ੍ਹੇ ਜਾ ਰਹੇ ਹਨ। ਭਾਜਪਾ ਨੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੇਨ ਪਹਿਲਾਂ ਵੀ ਕਈ ਮੁੱਦਿਆਂ ’ਤੇ ਭਾਜਪਾ ਦੀ ਨਿਖੇਧੀ ਕਰਦੇ ਰਹੇ ਹਨ। ਹਾਰਵਰਡ ’ਵਰਸਿਟੀ ਦੇ ਪ੍ਰੋਫੈਸਰ ਸੇਨ (87) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਕਾਨੂੰਨਾਂ ਦੀ ਮੁੜ ਸਮੀਖ਼ਿਆ ਕੀਤੀ ਜਾਣੀ ਬਣਦੀ ਹੈ, ਸਮੀਖ਼ਿਆ ਲਈ ਦਿੱਤੇ ਜਾ ਰਹੇ ਕਾਰਨ ‘ਠੋਸ’ ਹਨ। ਅਮ੍ਰਤਿਆ ਸੇਨ ਨੇ ਕਿਹਾ ਕਿ ‘ਜਦ ਸਰਕਾਰ ਕੋਈ ਅਜਿਹੀ ਗਲਤੀ ਕਰਦੀ ਹੈ ਜੋ ਲੋਕਾਂ ਦਾ ਨੁਕਸਾਨ ਕਰਦੀ ਹੋਵੇ, ਤਾਂ ਬੋਲਣਾ ਜਾਇਜ਼ ਹੀ ਨਹੀਂ, ਜ਼ਰੂਰੀ ਹੁੰਦਾ ਹੈ। ਲੋਕਤੰਤਰ ਇਸ ਦੀ ਮੰਗ ਕਰਦਾ ਹੈ।’ ਸੇਨ ਨੇ ਤਿੱਖੇ ਲਹਿਜ਼ੇ ਵਿਚ ਕਿਹਾ ਕਿ ‘ਜਿਹੜੇ ਵਿਅਕਤੀ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਸ ਨੂੰ ਸਰਕਾਰ ਵੱਲੋਂ ਅਤਿਵਾਦੀ ਗਰਦਾਨ ਕੇ ਜੇਲ੍ਹ ’ਚ ਸੁੱਟ ਦਿੱਤਾ ਜਾਂਦਾ ਹੈ।’ ਜਨਤਕ ਰੋਸ ਤੇ ਆਜ਼ਾਦ ਵਿਚਾਰ-ਵਟਾਂਦਰੇ ਦੇ ਕਈ ਮੌਕੇ ਜਾਂ ਤਾਂ ਘਟਾ ਦਿੱਤੇ ਗਏ ਹਨ ਜਾਂ ਫੇਰ ਠੱਪ ਹੀ ਕਰ ਦਿੱਤੇ ਗਏ ਹਨ। ਉੱਘੇ ਅਰਥਸ਼ਾਸਤਰੀ ਨੇ ਕਿਹਾ ਕਿ ਨੌਜਵਾਨ ਕਾਰਕੁਨਾਂ ਜਿਵੇਂ ਕਨ੍ਹੱਈਆ ਕੁਮਾਰ, ਸ਼ੇਹਲਾ ਰਸ਼ੀਦ ਤੇ ਉਮਰ ਖਾਲਿਦ ਨਾਲ ਆਮ ਤੌਰ ’ਤੇ ਦੁਸ਼ਮਣਾਂ ਵਾਂਗ ਵਿਹਾਰ ਕੀਤਾ ਜਾਂਦਾ ਹੈ। ਸੇਨ ਨੇ ਕਿਹਾ ‘ਅਜਿਹੇ ਨੌਜਵਾਨ ਤੇ ਦੂਰਦਰਸ਼ੀ ਆਗੂਆਂ, ਜੋ ਕਿ ਸ਼ਾਂਤੀਪੂਰਨ ਤੇ ਅਹਿੰਸਕ ਰਾਹ ਅਖ਼ਤਿਆਰ ਕਰਨ ਲਈ ਵਚਨਬੱਧ ਹਨ, ਨੂੰ ਸਿਆਸੀ ਸੰਪਤੀ ਵਜੋਂ ਸਾਂਭਣ ਦੀ ਬਜਾਏ ਦੁਸ਼ਮਣਾਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਨੂੰ ਗਰੀਬ ਪੱਖੀ ਉੱਦਮਾਂ ਲਈ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ।’ ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਵਿਚ ਪੱਛੜੇ ਵਰਗਾਂ ਦੀ ਭਲਾਈ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਕਰੋਨਾਵਾਇਰਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸੇਨ ਨੇ ਕਿਹਾ ਕਿ ਬਿਨਾਂ ਨੋਟਿਸ ਲੌਕਡਾਊਨ ਲਾਉਣਾ ਠੀਕ ਨਹੀਂ ਸੀ।
-ਪੀਟੀਆਈ
ਕਿਸਾਨ ਮਸਲਿਆਂ ਦੇ ਹੱਲ ਲਈ ਹਰ ਯਤਨ ਕਰ ਰਹੀ ਹੈ ਸਰਕਾਰ: ਭਾਜਪਾ
ਅਮ੍ਰਤਿਆ ਸੇਨ ਦੇ ਵਿਚਾਰਾਂ ’ਤੇ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਉਨ੍ਹਾਂ ਦੇ ਇਲਜ਼ਾਮ ਬੇਬੁਨਿਆਦ ਹਨ। ਘੋਸ਼ ਨੇ ਕਿਹਾ ‘ਜੇ ਉਹ ਦੇਖਣਾ ਚਾਹੁੰਦੇ ਹਨ ਕਿ ਅਸਹਿਣਸ਼ੀਲਤਾ ਕੀ ਹੈ ਤਾਂ ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਾ ਚਾਹੀਦਾ ਹੈ ਜਿੱਥੇ ਕਿਸੇ ਵੀ ਵਿਰੋਧੀ ਧਿਰ ਨੂੰ ਆਪਣਾ ਸਮਾਗਮ ਕਰਨ ਦਾ ਜਮਹੂਰੀ ਅਧਿਕਾਰ ਨਹੀਂ ਹੈ।’ ਖੇਤੀ ਕਾਨੂੰਨਾਂ ਬਾਰੇ ਅਰਥਸ਼ਾਸਤਰੀ ਦੀਆਂ ਟਿੱਪਣੀਆਂ ਉਤੇ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਦੇ ਫ਼ਿਕਰਾਂ ਤੇ ਮਸਲਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰ ਰਹੀ ਹੈ।