ਨੋਇਡਾ, 28 ਅਗਸਤ
ਨੋਇਡਾ ‘ਚ ਅੱਜ ਸੁਪਰਟੈੱਕ ਦੇ ਟਵਿਨ ਟਾਵਰਾਂ ਨੂੰ ਬਾਅਦ ਦੁਪਹਿਰ ਢਾਈ ਵਜੇ ਢਾਹ ਦਿੱਤਾ ਗਿਆ। ਇਸ ਮੌਕੇ ਜ਼ੋਰਦਾਰ ਧਮਾਕਾ ਹੋਇਆ ਤੇ ਹਰ ਪਾਸੇ ਧੂੜ ਦੇ ਬੱਦਲ ਛਾ ਗਏ। ਇਹ ਕਾਰਵਾਈ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਟਵਿਨ ਟਾਵਰਾਂ ਨੂੰ ਢਾਹੁਣ ਦੇ ਹੁਕਮਾਂ ਤੋਂ ਸਾਲ ਬਾਅਦ ਹੋਈ ਹੈ। ਕਰੀਬ 100 ਮੀਟਰ ਉੱਚੇ ਟਾਵਰ ਨੂੰ ਕੁਝ ਹੀ ਸੈਕਿੰਡਾਂ ਵਿੱਚ ਢਾਹ ਦਿੱਤਾ ਗਿਆ।
ਦਿੱਲੀ ਦੇ ਪ੍ਰਸਿੱਧ ਕੁਤੁਬ ਮੀਨਾਰ (73 ਮੀਟਰ) ਤੋਂ ਉੱਚੇ ਇਨ੍ਹਾਂ ਟਾਵਰਾਂ ਨੂੰ ‘ਵਾਟਰਫਾਲ ਇੰਪਲੋਜ਼ਨ’ ਤਕਨੀਕ ਦੀ ਮਦਦ ਨਾਲ ਡੇਗਿਆ ਗਿਆ। ਇਸ ਤੋਂ ਪਹਿਲਾਂ ਟਾਵਰਾਂ ਦੇ ਨੇੜੇ ਸਥਿਤ ਦੋ ਸੁਸਾਇਟੀਆਂ ‘ਚ ਰਹਿ ਰਹੇ ਘੱਟੋ-ਘੱਟ 5,000 ਲੋਕਾਂ ਨੂੰ ਕੱਢ ਲਿਆ ਗਿਆ ਸੀ। ਐਮਰਾਲਡ ਕੋਰਟ ਅਤੇ ਏਟੀਐੱਸ ਵਿਲੇਜ਼ ਸੁਸਾਇਟੀ ਤੋਂ ਨਿਵਾਸੀਆਂ ਨੂੰ ਕੱਢਣ ਦਾ ਕੰਮ ਸਵੇਰੇ 7 ਵਜੇ ਤੱਕ ਪੂਰਾ ਕੀਤਾ ਜਾਣਾ ਸੀ ਪਰ ਇਸ ਵਿੱਚ ਕੁਝ ਸਮਾਂ ਲੱਗ ਗਿਆ। ਸੈਕਟਰ 93 ਏ ਦੀਆਂ ਦੋ ਸੁਸਾਇਟੀਆਂ ਵਿੱਚ ਐੱਲਪੀਜੀ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ।