ਨੋਇਡਾ, 27 ਅਗਸਤ
ਇਥੇ ਸੁਪਰਟੈੱਕ ਦੇ ਗੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰਾਂ ਨੂੰ ਐਤਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਢਾਹਿਆ ਜਾਵੇਗਾ। ਇਸ ਸਬੰਧ ਵਿੱਚ ਅੱਜ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਪ੍ਰਾਜੈਕਟ ਅਧਿਕਾਰੀਆਂ ਅਨੁਸਾਰ ਟਵਿਨ ਟਾਵਰਾਂ ਨੂੰ ਢਾਹੁਣ ਲਈ ਲਗਾਈ ਗਈ ਧਮਾਕਾਖੇਜ਼ ਸਮੱਗਰੀ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਟਵਿਨ ਟਾਵਰਾਂ ਨੂੰ ਢਾਹੁਣ ਲਈ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤੇ ਧਮਾਕੇ ਤੋਂ ਪਹਿਲਾਂ ਸੌ ਮੀਟਰ ਲੰਬੀ ਤਾਰ ਵਿਛਾਈ ਜਾਵੇਗੀ ਜੋ ਕਿ ਟਵਿਨ ਟਾਵਰਾਂ ਤੇ ਧਮਾਕਾਖੇਜ਼ ਸਮੱਗਰੀ ਵਿਚਾਲੇ ਕੁਨੈਕਸ਼ਨ ਦਾ ਕੰਮ ਕਰੇਗੀ। ਇਸ ਮਗਰੋਂ ਟਾਵਰਾਂ ਨੂੰ ਢਾਹੁਣ ਲਈ ਇਕ ਸਵਿੱਚ ਦਬਾਇਆ ਜਾਵੇਗਾ। ਇਹ ਟਵਿਨ ਟਾਵਰ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚੇ ਹਨ ਜਿਨ੍ਹਾਂ ਦੀ ਉਚਾਈ ਲਗਭਗ ਸੌ ਮੀਟਰ ਹੈ।
ਇਨ੍ਹਾਂ ਟਾਵਰਾਂ ਨੂੰ ਢਾਹੁਣ ਦੀ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈ। ਅਦਾਲਤ ਅਨੁਸਾਰ ਐਮਰਾਲਡ ਕੋਰਟ ਸੁਸਾਇਟੀ ਵਿੱਚ ਇਨ੍ਹਾਂ ਰਿਹਾਇਸ਼ੀ ਟਾਵਰਾਂ ਦੀ ਉਸਾਰੀ ਵੇਲੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਇਨ੍ਹਾਂ ਟਾਵਰਾਂ ਨੂੰ ਢਾਹੁਣ ਵੇਲੇ ਐਮਰਾਲਡ ਕੋਰਟ ਸੁਸਾਇਟੀ ਤੇ ਏਟੀਐੱਸ ਵਿਲੇਜ ਸੁਸਾਇਟੀਆਂ ਦੇ ਪੰਜ ਹਜ਼ਾਰ ਵਸਨੀਕਾਂ ਨੂੰ ਐਤਵਾਰ ਨੂੰ ਸਵੇਰੇ 7 ਵਜੇ ਆਪਣੇ ਰਿਹਾਇਸ਼ੀ ਅਦਾਰੇ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ। -ਪੀਟੀਆਈ
15 ਸੈਕਿੰਟਾਂ ਵਿੱਚ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਜਾਣਗੇ ਟਾਵਰ
ਇਨ੍ਹਾਂ ਟਾਵਰਾਂ ਨੂੰ ਢਾਹੁਣ ਲਈ ‘ਵਾਟਰਫਾਲ ਇੰਪੋਲਜ਼ਨ’ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ 15 ਸੈਕਿੰਟਾਂ ਵਿੱਚ ਇਹ ਟਾਵਰ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣਗੇ। ਐਡੀਫਾਈਸ ਇੰਜਨੀਅਰਿੰਗ ਕੰਪਨੀ ਦੇ ਅਧਿਕਾਰੀ ਉਤਕਰਸ਼ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਪ੍ਰਾਜੈਕਟ ਸਫਲਤਾ ਨਾਲ ਨੇਪਰੇ ਚੜ੍ਹੇਗਾ ਤੇ ਨਾਲ ਦੇ ਰਿਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਧਮਾਕੇ ਕਾਰਨ ਨੇੜਲੀਆਂ ਰਿਹਾਇਸ਼ੀਆਂ ਇਮਾਰਤਾਂ ਦੇ ਪਲਸਤਰ ਵਿੱਚ ਵਿੱਚ ਹਲਕੀਆਂ ਤਰੇੜਾਂ ਆ ਸਕਦੀਆਂ ਹਨ ਜਾਂ ਪੇਂਟ ਖਰਾਬ ਹੋ ਸਕਦਾ ਹੈ ਪਰ ਇਸ ਤੋਂ ਵਧ ਨੁਕਸਾਨ ਹੋਣ ਦੇ ਆਸਾਰ ਘੱਟ ਹਨ।