ਸਾਂਗਲੀ, 3 ਮਈ
ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੀ ਅਦਾਲਤ ਨੇ ਐਮਐੱਨਐੱਸ ਮੁਖੀ ਰਾਜ ਠਾਕਰੇ ਵਿਰੁੱਧ 14 ਸਾਲ ਪੁਰਾਣੇ ਇਕ ਕੇਸ ਵਿਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਠਾਕਰੇ ਵਿਰੁੱਧ 2008 ਵਿਚ ਆਈਪੀਸੀ ਦੀ ਧਾਰਾ 109 ਤੇ 117 ਤਹਿਤ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਨੇ 6 ਅਪਰੈਲ ਨੂੰ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਮੁੰਬਈ ਪੁਲੀਸ ਨੂੰ ਠਾਕਰੇ ਨੂੰ ਗ੍ਰਿਫ਼ਤਾਰ ਕਰਨ ਅਤੇ ਅਦਾਲਤ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਜੱਜ ਨੇ ਠਾਕਰੇ ਤੇ ਇਕ ਹੋਰ ਐਮਐੱਨਐੱਸ ਆਗੂ ਸ਼ਿਰੀਸ਼ ਪਾਰਕਰ ਵਿਰੁੱਧ ਹੁਣ ਮੁੰਬਈ ਪੁਲੀਸ ਕਮਿਸ਼ਨਰ ਤੇ ਖੇਰਵਾੜੀ ਪੁਲੀਸ ਸਟੇਸ਼ਨ ਰਾਹੀਂ ਵਾਰੰਟ ਕੱਢੇ ਹਨ ਕਿਉਂਕਿ ਦੋਵੇਂ ਆਗੂ ਕੇਸ ਦੀ ਸੁਣਵਾਈ ਦੌਰਾਨ ਪਹਿਲਾਂ ਪੇਸ਼ ਨਹੀਂ ਹੋਏ ਸਨ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਵਕੀਲ ਜਯੋਤੀ ਪਾਟਿਲ ਨੇ ਕਿਹਾ ਕਿ ਅਦਾਲਤ ਨੇ 8 ਜੂਨ ਤੱਕ ਵਾਰੰਟ ਦੀ ਪਾਲਣਾ ਯਕੀਨੀ ਬਣਾਉਣ ਤੇ ਦੋਵਾਂ ਆਗੂਆਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ 2008 ਵਿਚ ਐਮਐੱਨਐੱਸ ਵਰਕਰਾਂ ਨੇ ਸ਼ਿਰਾਲਾ ਵਿਚ ਠਾਕਰੇ ਦੀ ਗ੍ਰਿਫ਼ਤਾਰੀ ਖ਼ਿਲਾਫ਼ ਧਰਨਾ ਦਿੱਤਾ ਸੀ। ਰਾਜ ਠਾਕਰੇ ਨੇ ਨੌਕਰੀਆਂ ਵਿਚ ਸਥਾਨਕ ਨੌਜਵਾਨਾਂ ਨੂੰ ਪਹਿਲ ਦਿਵਾਉਣ ਲਈ ਸੰਘਰਸ਼ ਵਿੱਢਿਆ ਸੀ। ਐਮਐੱਨਐੱਸ ਦੇ ਇਕ ਆਗੂ ਨੇ ਦਾਅਵਾ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 2012 ਤੋਂ ਪਹਿਲਾਂ ਦੇ ਸਿਆਸੀ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 2008 ਦੇ ਇਸ ਕੇਸ ਨੂੰ ਹੁਣ ਇਸ ਲਈ ਉਭਾਰਿਆ ਜਾ ਰਿਹਾ ਹੈ ਕਿਉਂਕਿ ਠਾਕਰੇ ਨੇ ਮਸਜਿਦਾਂ ਉਤੇ ਲਾਊਡਸਪੀਕਰਾਂ ਦਾ ਮੁੱਦਾ ਚੁੱਕਿਆ ਹੈ।
ਇਸੇ ਦੌਰਾਨ ਰਾਜ ਠਾਕਰੇ ਦੀ ਪਾਰਟੀ ਦੇ ਆਗੂਆਂ ਨੇ ਮਹਾਰਾਸ਼ਟਰ ਸਰਕਾਰ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਠਾਕਰੇ ਖ਼ਿਲਾਫ਼ ਹੋਰ ਕਾਰਵਾਈ ਕੀਤੀ ਗਈ ਤਾਂ ਉਹ ਸੜਕਾਂ ’ਤੇ ਉਤਰ ਸੰਘਰਸ਼ ਵਿੱਢਣਗੇ। ਮੁੰਬਈ ਪੁਲੀਸ ਨੇ ਐਮਐੱਨਐੱਸ ਆਗੂਆਂ ਨਿਤਿਨ ਸਰਦੇਸਾਈ ਤੇ ਬਾਲਾ ਨੰਦਗਾਓਂਕਰ ਸਣੇ ਕਰੀਬ 100 ਲੋਕਾਂ ਨੂੰ ਸੀਆਰਪੀਸੀ ਦੀ ਧਾਰਾ 149 ਤਹਿਤ ਨੋਟਿਸ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਜ ਠਾਕਰੇ ਨੇ ਲੋਕਾਂ ਨੂੰ ਸੱਦਾ ਦਿੱਤਾ ਹੋਇਆ ਹੈ ਕਿ ਜੇ 4 ਮਈ ਤੱਕ ਮਸਜਿਦਾਂ ਤੋਂ ਲਾਊਡਸਪੀਕਰ ਨਾ ਹਟਾਏ ਗਏ ਤਾਂ ਉਹ ਇਨ੍ਹਾਂ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ। ਮਹਾਰਾਸ਼ਟਰ ਦੇ ਡੀਜੀਪੀ ਦਫ਼ਤਰ ਮੁਤਾਬਕ ਠਾਕਰੇ ਦੇ ਅਲਟੀਮੇਟਮ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ 15 ਹਜ਼ਾਰ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਚੌਕਸੀ ਵਜੋਂ ਕਾਰਵਾਈ ਕੀਤੀ ਗਈ ਹੈ। -ਪੀਟੀਆਈ
ਮਹਾਰਾਸ਼ਟਰ ਅਲਟੀਮੇਟਮਾਂ ਉਤੇ ਨਹੀਂ ਚੱਲਦਾ: ਰਾਊਤ
ਮੁੰਬਈ: ਰਾਜ ਠਾਕਰੇ ਵੱਲੋਂ ਤਿੰਨ ਮਈ ਤੱਕ ਮਸਜਿਦਾਂ ਉਤੋਂ ਲਾਊਡਸਪੀਕਰ ਹਟਾਉਣ ਦੇ ਦਿੱਤੇ ਅਲਟੀਮੇਟਮ ਉਤੇ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸੂਬਾ ਅਲਟੀਮੇਟਮਾਂ ਉਤੇ ਨਹੀਂ ਚੱਲਦਾ, ਇੱਥੇ ਕਾਨੂੰਨ ਦਾ ਰਾਜ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਜੇ ਕੋਈ ਭੜਕਾਊ ਭਾਸ਼ਣ ਦੇਵੇਗਾ ਤਾਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਰਾਊਤ ਨੇ ਕਿਹਾ ਕਿ ਸੂਬਾ ਪੁਲੀਸ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਮੁੱਖ ਮੰਤਰੀ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜੇ ਕੋਈ ਸੋਚਦਾ ਹੈ ਕਿ ਉਹ ਸੂਬਾ ਸਰਕਾਰ ਨੂੰ ਅਸਥਿਰ ਕਰ ਸਕਦਾ ਹੈ ਤਾਂ ਉਹ ਵੱਡੀ ਗਲਤੀ ਕਰ ਰਿਹਾ ਹੈ ਤੇ ਉਸ ਦਾ ਪਰਦਾਫਾਸ਼ ਹੋਵੇਗਾ। ਮਹਾਰਾਸ਼ਟਰ ਵਿਚ ਅਲਟੀਮੇਟਮ ਦੀ ਰਾਜਨੀਤੀ ਨਹੀਂ ਚੱਲੇਗੀ।
ਔਰੰਗਾਬਾਦ ਪੁਲੀਸ ਵੱਲੋਂ ਰਾਜ ਠਾਕਰੇ ਖ਼ਿਲਾਫ਼ ਕੇਸ ਦਰਜ
ਔਰੰਗਾਬਾਦ: ਔਰੰਗਾਬਾਦ ਪੁਲੀਸ ਨੇ ਐਮਐੱਨਐੱਸ ਮੁਖੀ ਰਾਜ ਠਾਕਰੇ ਖ਼ਿਲਾਫ਼ ਇਕ ਭਾਸ਼ਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਠਾਕਰੇ ਨੇ ਕਿਹਾ ਸੀ ਕਿ ਚਾਰ ਮਈ ਤੱਕ ਮਸਜਿਦਾਂ ਦੇ ਉਪਰੋਂ ਲਾਊਡਸਪੀਕਰ ਲਾਹ ਦਿੱਤੇ ਜਾਣ। ਮਹਾਰਾਸ਼ਟਰ ਦੇ ਡੀਜੀਪੀ ਰਜਨੀਸ਼ ਸੇਠ ਨੇ ਕਿਹਾ ਕਿ ਔਰੰਗਾਬਾਦ ਦੇ ਪੁਲੀਸ ਕਮਿਸ਼ਨਰ ਠਾਕਰੇ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕਰਨਗੇ। ਸਿਟੀ ਚੌਕ ਪੁਲੀਸ ਨੇ ਠਾਕਰੇ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਠਾਕਰੇ ਦੀ ਰੈਲੀ ਦੇ ਪ੍ਰਬੰਧਕਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ, ਡੀਜੀਪੀ ਸੇਠ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ। -ਪੀਟੀਆਈ
ਐਮਐੱਨਐੱਸ ਦੀ ਮੰਗ ਦਾ ਵਿਰੋਧ ਕਰਾਂਗੇ: ਅਠਾਵਲੇ
ਮੁੰਬਈ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਕਿਹਾ ਕਿ ਜੇ ਕਿਸੇ ਨੇ ਧੱਕੇ ਨਾਲ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਇਨ੍ਹਾਂ ਦੀ ਰਾਖੀ ਲਈ ਖੜ੍ਹੇਗੀ। ਉਨ੍ਹਾਂ ਕਿਹਾ ਕਿ ਪਾਰਟੀ ਯਕੀਨੀ ਬਣਾਏਗੀ ਕਿ ਮੁਸਲਿਮ ਭਾਈਚਾਰੇ ਨਾਲ ਕਿਸੇ ਤਰ੍ਹਾਂ ਦਾ ਅਨਿਆਂ ਨਾ ਹੋਵੇ। ਅਠਾਵਲੇ ਨੇ ਕਿਹਾ, ‘ਅਸੀਂ ਮਸਜਿਦ ਦੇ ਬਾਹਰ ਹਨੂੰਮਾਨ ਚਾਲੀਸਾ ਦੇ ਪਾਠ ਖ਼ਿਲਾਫ਼ ਨਹੀਂ ਹਾਂ। ਪਰ ਅਸੀਂ ਐਮਐੱਨਐੱਸ ਵੱਲੋਂ ਕੀਤੀ ਜਾ ਰਹੀ ਮੰਗ ਦੇ ਖ਼ਿਲਾਫ਼ ਹਾਂ।’ ਭਾਜਪਾ ਦੇ ਭਾਈਵਾਲ ਅਠਾਵਲੇ ਨੇ ਕਿਹਾ ਕਿ ਲਾਊਡਸਪੀਕਰਾਂ ਦੀ ਆਵਾਜ਼ ਘੱਟ ਕਰਨ ਦੀ ਹਦਾਇਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਾਇਦ ਐਮਐਨਐੱਸ ਦੀ ਮੰਗ ਦਾ ਸਮਰਥਨ ਕੀਤਾ ਹੋ ਸਕਦਾ ਹੈ ਪਰ ਉਨ੍ਹਾਂ ਦੀ ਪਾਰਟੀ ਇਸ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਹੈ।
ਧਿਆਨ ਭਟਕਾਉਣ ਲਈ ਲਾਊਡਸਪੀਕਰ ਵਿਵਾਦ ਘੜਿਆ: ਦਿਗਵਿਜੈ
ਇੰਦੌਰ: ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ਨਾਲ ਸਿੱਝਣ ’ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਮਸਜਿਦਾਂ ’ਤੇ ਲਾਊਡਸਪੀਕਰਾਂ ਨਾਲ ਜੁੜੇ ਵਿਵਾਦ ਨੂੰ ਇੰਨੀ ਅਹਿਮੀਅਤ ਦਿੱਤੀ ਜਾ ਰਹੀ ਹੈ। ਈਦ-ਉਲ-ਫਿਤਰ ਦੇ ਸਮਾਗਮ ਲਈ ਪੁੱਜੇ ਸਿੰਘ ਨੇ ਕਿਹਾ, ‘‘ਇਹ ਸਭ ਬੇਤੁਕੀਆਂ ਗੱਲਾਂ ਹਨ। ਅਜਿਹਾ ਕਰਕੇ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹੈ।’’ -ਪੀਟੀਆਈ