ਸ੍ਰੀਨਗਰ, 27 ਅਕਤੂਬਰ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਆਂਢੀ ਮੁਲਕਾਂ ਦੇ ‘ਨਾਜਾਇਜ਼ ਕਬਜ਼ੇ ਹੇਠਲੇ’ ਆਪਣੇ ਖੇਤਰਾਂ ਨੂੰ ਵਾਪਸ ਲੈਣ ਲਈ 1994 ਵਿੱਚ ਸੰਸਦ ’ਚ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੰਦੇ ਹੋਏ ਅੱਜ ਕਿਹਾ ਕਿ ਉੱਤਰ ਭਾਰਤ ਦੇ ਵਿਕਾਸ ਦੀ ਯਾਤਰਾ ਮਕਬੂਜ਼ਾ ਕਸ਼ਮੀਰ ਵਿੱਚ ਪੈਂਦੇ ਗਿਲਗਿਟ-ਬਾਲਟਿਸਤਾਨ ਪਹੁੰਚਣ ਤੋਂ ਬਾਅਦ ਹੀ ਪੂਰੀ ਹੋਵੇਗੀ। ਉਹ ਇੱਥੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਫ਼ੌਜੀ ਜਿੱਤ ਸਬੰਧੀ ਕਰਵਾਏ ਗਏ ਸ਼ੌਰਿਆ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵਿੱਚ ਲੋਕਾਂ ’ਤੇ ਅੱਤਿਆਚਾਰ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਿਤਕਰਾ ਖਤਮ ਹੋਇਆ। ਉਨ੍ਹਾਂ ਕਿਹਾ, ‘‘ਇਸ ਨਾਲ ਖਿੱਤੇ ਵਿੱਚ ਆਸਾਂ ਵਾਲੀ ਇਕ ਨਵੀਂ ਸਵੇਰ ਆਈ। ਕਸ਼ਮੀਰ ਤੇ ਲੱਦਾਖ ਅੱਜ ਵਿਕਾਸ ਦੇ ਰਾਹ ’ਤੇ ਅੱਗ ਵਧ ਰਹੇ ਹਨ…ਅਸੀਂ ਉੱਤਰ ਭਾਰਤ ਦੇ ਵਿਕਾਸ ਦਾ ਆਪਣਾ ਸਫਰ ਅਜੇ ਸਿਰਫ਼ ਸ਼ੁਰੂ ਕੀਤਾ ਹੈ। ਸਾਡਾ ਇਹ ਸਫਰ ਉਦੋਂ ਪੂਰਾ ਹੋਵੇਗਾ ਜਦੋਂ ਅਸੀਂ 22 ਫਰਵਰੀ 1994 ਨੂੰ ਸੰਸਦ ਵਿੱਚ ਨਿਰਵਿਰੋਧ ਪਾਸ ਕੀਤਾ ਮਤਾ ਪੂਰੀ ਤਰ੍ਹਾਂ ਲਾਗੂ ਕਰਾਂਗੇ ਅਤੇ ਗਿਲਗਿਟ ਤੇ ਬਾਲਟਿਸਤਾਨ ਵਰਗੇ ਆਪਣੇ ਬਾਕੀ ਰਹਿੰਦੇ ਖੇਤਰਾਂ ਤੱਕ ਪਹੁੰਚ ਜਾਵਾਂਗੇ।’’
ਰੱਖਿਆ ਮੰਤਰੀ ਨੇ ਕਿਹਾ ਕਿ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜੰਮੂ ਕਸ਼ਮੀਰ ਦੇ ਪੂਰਨ ਏਕੀਕਰਨ ਵਾਸਤੇ ‘ਮਹਾਯੱਗ’ ਸ਼ੁਰੂ ਕੀਤਾ ਸੀ ਜੋ ਕਿ 5 ਅਗਸਤ 2019 ਨੂੰ ਪੂਰਾ ਹੋਇਆ ਸੀ। ਪਾਕਿਸਤਾਨ ’ਤੇ ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਘੜਿਆਲੀ ਹੰਝੂ ਵਹਾਉਣ ਦੇ ਦੋਸ਼ ਲਗਾਉਂਦੇ ਹੋਏ ਰਾਜਨਾਥ ਸਿੰਘ ਨੇ ਕਿਹਾ, ‘‘ਮਕਬੂਜ਼ਾ ਕਸ਼ਮੀਰ ਦੇ ਲੋਕਾਂ ਦਾ ਦਰਦ ਸਾਨੂੰ ਵੀ ਪ੍ਰੇਸ਼ਾਨ ਕਰਦਾ ਹੈ, ਨਾ ਕਿ ਸਿਰਫ ਉਨ੍ਹਾਂ ਨੂੰ।’’ ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਨੇ ਕਸ਼ਮੀਰੀਅਤ ਦੇ ਨਾਂ ’ਤੇ ਅਤਿਵਾਦ ਦਾ ਜਿਹੜਾ ‘ਤਾਂਡਵ’ ਦੇਖਿਆ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਅਤਿਵਾਦ ਦਾ ਕੋਈ ਧਰਮ ਨਹੀਂ ਹੈ। ਅਤਿਵਾਦੀਆਂ ਦਾ ਇਕਮਾਤਰ ਉਦੇਸ਼ ਭਾਰਤ ਨੂੰ ਨਿਸ਼ਾਨਾ ਬਣਾਉਣਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ‘‘ਜਦੋਂ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤਾਂ ਕੁਝ ਕਥਿਤ ਬੁੱਧੀਜੀਵੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰੋਣਾ ਰੋਇਆ ਹੈ।’’
ਜੰਮੂ ਕਸ਼ਮੀਰ ਨੂੰ ਪਾਕਿਸਤਾਨੀ ਫ਼ੌਜ ਤੋਂ ਬਚਾਉਣ ਲਈ 1947 ਵਿੱਚ ਸ੍ਰੀਨਗਰ ਦੇ ਪੁਰਾਣੇ ਏਅਰਫੀਲਡ ਵਿੱਚ 1 ਸਿੱਖ ਰੈਜੀਮੈਂਟ ਦੇ ਆਗਮਨ ਦੀ 75ਵੀਂ ਵਰ੍ਹੇਗੰਢ ਮੌਕੇ ਫ਼ੌਜ ਨੇ ‘ਸ਼ੌਰਿਆ ਦਿਵਸ’ ਸਮਾਰੋਹ ਦੀ ਮੇਜ਼ਬਾਨੀ ਕੀਤੀ। -ਪੀਟੀਆਈ