ਮੁੰਬਈ, 4 ਅਪਰੈਲ
ਬੰਬੇ ਹਾਈ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧ ਮਾਮਲੇ ਵਿੱਚ ਗ੍ਰਿਫ਼ਤਾਰ ਮਨੁੱਖੀ ਅਧਿਕਾਰ ਕਾਰਕੁਨ ਗੌਤਮ ਨਵਲੱਖਾ ਨੂੰ ਮਹਹਾਰਾਸ਼ਟਰ ਦੀ ਤਲੋਜਾ ਜੇਲ੍ਹ ਵਿੱਚ ਅਧਿਕਾਰੀਆਂ ਵੱਲੋਂ ‘ਸੁਰੱਖਿਆ ਨੂੰ ਖ਼ਤਰਾ’ ਹੋਣ ਦਾ ਹਵਾਲਾ ਦੇ ਕੇ ਪ੍ਰਸਿੱਧ ਅੰਗਰੇਜ਼ੀ ਲੇਖਕ ਪੀ.ਜੀ. ਵੋਡਹਾਊਸ ਵੱਲੋਂ ਲਿਖੀ ਕਿਤਾਬ ਦੇਣ ਤੋਂ ਇਨਕਾਰ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ। ਜਸਟਿਸ ਐੱਸ.ਬੀ. ਸ਼ੁਕਰੇ ਅਤੇ ਜਸਟਿਸ ਜੀ.ਏ. ਸਨਪ ਦੇ ਬੈਂਚ ਨੇ ‘ਸੁਰੱਖਿਆ ਨੂੰ ਖ਼ਤਰੇ’ ਦੇ ਆਧਾਰ ’ਤੇ ਕਿਤਾਬ ਨਾ ਦਿੱਤੇ ਜਾਣ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਹੈ। ਬੈਂਚ ਵੱਲੋਂ ਨਵਲੱਖਾ ਦੁਆਰਾ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਵਿੱਚ ਨਵਲੱਖਾ ਨੇ ਆਪਣੀ ਵੱਧ ਉਮਰ ਹੋਣ ਕਾਰਨ ਤਲੋਜਾ ਜੇਲ੍ਹ ਵਿੱਚੋਂ ਕੱਢ ਕੇ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਅਪੀਲ ਕੀਤੀ ਹੈ। ਨਵਲੱਖਾ ਦੇ ਵਕੀਲ ਯੁੱਗ ਚੌਧਰੀ ਨੇ ਸੋਮਵਾਰ ਨੂੰ ਤਲੋਜਾ ਜੇਲ੍ਹ ਦੀ ਤਰਸਯੋਗ ਸਥਿਤੀ ’ਤੇ ਅਫਸੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਨੂੰ ਬੈਠਣ ਲਈ ਕੁਰਸੀ ਵੀ ਨਹੀਂ ਦਿੱਤੀ ਗਈ ਅਤੇ ਪਹਿਲੀ ਐਨਕ ਚੋਰੀ ਹੋ ਜਾਣ ਮਗਰੋਂ ਪਰਿਵਾਰ ਵੱਲੋਂ ਭੇਜੀ ਦੂਜੀ ਐਨਕ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਚੌਧਰੀ ਨੇ ਕਿਹਾ, ‘‘ਕਿਤਾਬਾਂ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਪੀ.ਜੀ. ਵੋਡਹਾਊਸ ਦੀ ਇੱਕ ਕਿਤਾਬ ਨੂੰ ਹਾਸਰਸ ਪੁਸਤਕ ਮੰਨਿਆ ਜਾਂਦਾ ਹੈ, ਉਨ੍ਹਾਂ ਦੇ ਪਰਿਵਾਰ ਨੇ ਭੇਜੀ ਸੀ ਅਤੇ ਜੇਲ੍ਹ ਅਧਿਕਾਰੀਆਂ ਨੇ ਦੋ ਵਾਰ ‘ਸੁਰੱਖਿਆ ਖ਼ਤਰਾ’ ਦੱਸਦਿਆਂ ਉਨ੍ਹਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ।’’ ਅਦਾਲਤ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਵਕੀਲ ਨੂੰ ਪੁੱਛਿਆ, ਕੀ ਇਹ ਸੱਚ ਹੈ? ਜਸਟਿਸ ਸ਼ੁਕਰੇ ਨੇ ਕਿਹਾ, ‘‘ਕੀ ਇਹ ਸੱਚ ਹੈੈ? ਵੋਡਹਾਊਸ ਨੂੰ ਸੁਰੱਖਿਆ ਲਈ ਖ਼ਤਰਾ ਮੰਨਿਆ ਜਾਂਦਾ ਹੈ? ਇਹ ਅਸਲ ਵਿੱਚ ਹਾਸੋਹੀਣਾ ਹੈ। ਵੋਡਹਾਊਸ ਮਰਾਠੀ ਲੇਖਕ ਅਤੇ ਹਾਸਰਸ ਰਚੇਤਾ ਪੀ.ਐੱਲ. ਦੇਸ਼ਪਾਂਡੇ ਲਈ ਪ੍ਰੇਰਨਾਸ੍ਰੋਤ ਸਨ।’’ ਉਨ੍ਹਾਂ ਕਿਹਾ, ‘‘ਇਹ ਜੇਲ੍ਹ ਅਧਿਕਾਰੀਆਂ ਦੇ ਰਵੱਈਏ ਨੂੰ ਦਰਸਾਉਂਦਾ ਹੈ। ਪ੍ਰੌਸੀਕਿਊਸ਼ਨ ਏਜੰਸੀ ਵਜੋਂ ਐੱਨਆਈਏ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਗ੍ਰਿਫ਼ਤਾਰ ਵਿਅਕਤੀ ਦਾ ਜੀਵਨ ਜੇਲ੍ਹ ਵਿੱਚ ਆਰਾਮਦਾਇਕ ਹੋਵੇ। ਘੱਟੋ-ਘੱਟ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।’’ ਅਦਾਲਤ ਨੇ ਸੁਣਵਾਈ ਦੌਰਾਨ ਮਹਾਰਾਸ਼ਟਰ ਦੇ ਵਕੀਲਾਂ ਦੀ ਗ਼ੈਰਹਾਜ਼ਰੀ ’ਤੇ ਵੀ ਨਾਰਾਜ਼ਗੀ ਜਤਾਈ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ 5 ਅਪਰੈਲ ਕੀਤੀ ਜਾਵੇਗੀ। -ਪੀਟੀਆਈ