ਮੁੰਬਈ, 20 ਅਕਤੂਬਰ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਹੀ ਨਹੀਂ ਸਗੋਂ ਦੇਸ਼ ’ਚ ਲੋਕਤੰਤਰ ਵੀ ਦਾਅ ’ਤੇ ਲੱਗਿਆ ਹੋਇਆ ਹੈ।
ਦਾਦਰ ਇਲਾਕੇ ’ਚ ਸ਼ਿਵ ਸੈਨਾ ਭਵਨ ’ਚ ਉਨ੍ਹਾਂ ਸਮਾਗਮ ਨੂੰ ਸੰਬੋਧਨ ਕੀਤਾ ਜਿਥੇ ਯਵਾਤਮਾਲ ਤੋਂ ਸਾਬਕਾ ਮੰਤਰੀ ਸੰਜੈ ਦੇਸ਼ਮੁਖ ਨੂੰ ਊਧਵ ਨੇ ਆਪਣੀ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਜਦੋਂ ਸ਼ਿਵ ਸੈਨਾ ਨੂੰ ਵੰਡਣ ਅਤੇ ਉਸ ਦੇ ਖ਼ਾਤਮੇ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਵੀ ਲੋਕ ਉਨ੍ਹਾਂ ਨਾਲ ਜੁੜਦੇ ਜਾ ਰਹੇ ਹਨ। ਠਾਕਰੇ ਨੇ ਕਿਹਾ,‘‘ਆਮ ਆਦਮੀ ਖਾਸ ਕਰਕੇ ਸੂਬੇ ਦੇ ਸੱਭਿਅਕ ਲੋਕ ਪਿਛਲੇ ਕੁਝ ਸਮੇਂ ’ਚ ਵਾਪਰੇ ਘਟਨਾਕ੍ਰਮ ਨਾਲ ਸਹਿਮਤ ਨਹੀਂ ਹਨ ਅਤੇ ਉਹ ਸਾਨੂੰ ਆਪਣੀ ਹਮਾਇਤ ਦੇ ਰਹੇ ਹਨ। ਉਹ ਆਖ ਰਹੇ ਹਨ ਕਿ ਹੌਸਲਾ ਨਾ ਛੱਡੋ, ਲੜੋ, ਅਸੀਂ ਤੁਹਾਡੇ ਨਾਲ ਹਾਂ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਖੁਦ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਲੋਕਤੰਤਰ ਜਿਊਂਦਾ ਰਹੇਗਾ ਜਾਂ ਉਹ ਮੁੜ ਤੋਂ ਗੁਲਾਮ ਬਣ ਜਾਣਗੇ। ਉਨ੍ਹਾਂ ਕਿਹਾ,‘‘ਮੇਰਾ ਅਤੇ ਮੇਰੀ ਪਾਰਟੀ ਦੇ ਭਵਿੱਖ ਦਾ ਫ਼ੈਸਲਾ ਲੋਕਾਂ ਅਤੇ ਪਾਰਟੀ ਕਾਡਰ ਵੱਲੋਂ ਲਿਆ ਜਾਵੇਗਾ।’’ -ਪੀਟੀਆਈ