ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਆਰਥਿਕ ਨਰਮੀ ਵਿਚਕਾਰ ਕੇਂਦਰੀ ਬੈਂਕ ਵਾਧੂ ਨਕਦੀ ਦੇ ਇਵਜ਼ ’ਚ ਸਰਕਾਰੀ ਬਾਂਡ ਖ਼ਰੀਦ ਰਿਹਾ ਹੈ ਅਤੇ ਆਪਣੀ ਦੇਣਦਾਰੀ ਵਧਾ ਰਿਹਾ ਹੈ ਪਰ ਇਹ ਸਮਝਣਾ ਚਾਹੀਦਾ ਹੈ ਕਿ ਇਸ ਦੀ ਲਾਗਤ ਹੈ ਅਤੇ ਇਹ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ ਹੈ। ਊਨ੍ਹਾਂ ਕਿਹਾ ਕਿ ਊਭਰਦੇ ਬਾਜ਼ਾਰਾਂ ’ਚ ਕੇਂਦਰੀ ਬੈਂਕ ਇਸ ਤਰ੍ਹਾਂ ਦੀ ਰਣਨੀਤੀ ਅਪਣਾ ਰਿਹਾ ਹੈ ਪਰ ਇਹ ਸਮਝਣਾ ਹੋਵੇਗਾ ਕਿ ਮੁਫ਼ਤ ’ਚ ਕੁਝ ਵੀ ਨਹੀਂ ਮਿਲਦਾ ਹੈ। ਸਿੰਗਾਪੁਰ ਦੇ ਡੀਪੀਐੱਸ ਬੈਂਕ ਵੱਲੋਂ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨ ਨੇ ਕਿਹਾ ਕਿ ਪੂਰੀ ਪ੍ਰਕਿਰਿਆ ’ਚ ਆਰਬੀਆਈ ਬੈਂਕਾਂ ਤੋਂ ਰਿਵਰਸ ਰੈਪੋ ਦਰ ’ਤੇ ਕਰਜ਼ ਲੈ ਰਿਹਾ ਹੈ ਅਤੇ ਸਰਕਾਰ ਨੂੰ ਊਧਾਰ ਦੇ ਰਿਹਾ ਹੈ। ਮੌਜੂਦਾ ਸਮੇਂ ’ਚ ਵਾਧੂ ਨਕਦੀ ਹੈ ਕਿਊਂਕਿ ਲੋਕ ਜੋਖਮ ਤੋਂ ਬਚ ਰਹੇ ਹਨ ਅਤੇ ਬੱਚਤ ’ਤੇ ਜ਼ੋਰ ਦੇ ਰਹੇ ਹਨ। ਰਾਜਨ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਕਰਜ਼ ਬਹੁਤ ਜ਼ਿਆਦਾ ਨਹੀਂ ਲਿਆ ਜਾ ਰਿਹਾ ਤਾਂ ਕੇਂਦਰੀ ਬੈਂਕ ਵਾਧੂ ਮੁਦਰਾ ਦੀ ਸਪਲਾਈ ਕਰ ਸਕਦਾ ਹੈ। -ਪੀਟੀਆਈ