ਨਵੀਂ ਦਿੱਲੀ, 18 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਗੁਜਰਾਤ ਤੋਂ ਰਾਜ ਸਭਾ ਲਈ ਚੁਣੇ ਜਾਣ ਖ਼ਿਲਾਫ਼ ਦਾਖ਼ਲ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਨੇ ਅੱਜ ਨੋਟਿਸ ਜਾਰੀ ਕੀਤੇ ਹਨ। ਅਰਜ਼ੀਆਂ ’ਚ ਚੋਣ ਕਮਿਸ਼ਨ ਵੱਲੋਂ ਰਾਜ ਸਭਾ ਦੀਆਂ ਆਰਜ਼ੀ ਅਤੇ ਨਿਯਮਤ ਤੌਰ ’ਤੇ ਖਾਲੀ ਸੀਟਾਂ ਲਈ ਜ਼ਿਮਨੀ ਚੋਣਾਂ ਕਰਾਊਣ ਲਈ ਵੱਖੋ ਵੱਖਰੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਅਧਿਕਾਰ ਦਾ ਮੁੱਦਾ ਵੀ ਊਠਾਇਆ ਗਿਆ ਹੈ। ਜੈਸ਼ੰਕਰ ਖ਼ਿਲਾਫ਼ ਇਕ ਪਟੀਸ਼ਨ ਕਾਂਗਰਸ ਆਗੂ ਗੌਰਵ ਪਾਂਡਿਆ ਵੱਲੋਂ ਦਾਖ਼ਲ ਕੀਤੀ ਗਈ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਜੈਸ਼ੰਕਰ ਵੱਲੋਂ ਨੋਟਿਸ ਪ੍ਰਾਪਤ ਕੀਤਾ। ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਫੌਰੀ ਮਾਮਲੇ ’ਤੇ ਸੁਣਵਾਈ ਦੀ ਮੰਗ ’ਤੇ ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਊਹ ਛੇਤੀ ਹੀ ਫੁਟਕਲ ਕੰਮਕਾਜ ਵਾਲੇ ਦਿਨ ਕੇਸ ਦੀ ਸੁਣਵਾਈ ਕਰਨਗੇ। -ਪੀਟੀਆਈ