ਨਵੀਂ ਦਿੱਲੀ:
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸ਼ਾਹ ਨੇ ਵਾਇਨਾਡ ’ਚ ਢਿੱਗਾਂ ਡਿੱਗਣ ਦੇ ਮਾਮਲੇ ’ਤੇ ਕੇਂਦਰ ਵੱਲੋਂ ਕੇਰਲ ਸਰਕਾਰ ਨੂੰ ਪਹਿਲਾਂ ਚਿਤਾਵਨੀ ਜਾਰੀ ਕਰਨ ਬਾਰੇ ਬਿਆਨ ਦੇ ਕੇ ਰਾਜ ਸਭਾ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਝੂਠ ਸਾਬਿਤ ਹੋਇਆ ਹੈ। ਰਾਜ ਸਭਾ ’ਚ ਕਾਂਗਰਸ ਦੇ ਚੀਫ਼ ਵ੍ਹਿੱਪ ਜੈਰਾਮ ਰਮੇਸ਼ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਲਿਖੇ ਪੱਤਰ ’ਚ ਕਿਹਾ ਕਿ ਸ਼ਾਹ ਨੇ ਵਾਇਨਾਡ ’ਚ ਕੁਦਰਤੀ ਆਫ਼ਤ ਬਾਰੇ ਸਦਨ ’ਚ ਧਿਆਨ ਦਿਵਾਊ ਮਤੇ ’ਤੇ ਚਰਚਾ ਦੌਰਾਨ ਅਗਾਊਂ ਚਿਤਾਵਨੀ ਪ੍ਰਣਾਲੀਆਂ ਦੇ ਕਈ ਦਾਅਵੇ ਕੀਤੇ ਸਨ ਪਰ ਇਕ ਅਖ਼ਬਾਰ ’ਚ ਪ੍ਰਕਾਸ਼ਿਤ ਖ਼ਬਰ ਨਾਲ ਉਨ੍ਹਾਂ ਦੇ ਦਾਅਵੇ ਝੂਠੇ ਪੈ ਗਏ ਹਨ। -ਪੀਟੀਆਈ