ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਬਾੜਮੇਰ ’ਚ ਐਮਰਜੈਂਸੀ ਲੈਂਡਿੰਗ ਪੱਟੀ ਦਾ ਕੀਤਾ ਉਦਘਾਟਨ
ਦੇਸ਼ ’ਚ 20 ਐਮਰਜੈਂਸੀ ਲੈਂਡਿੰਗ ਪੱਟੀਆਂ ਦਾ ਹੋ ਰਿਹੈ ਨਿਰਮਾਣ
ਬਾੜਮੇਰ, 9 ਸਤੰਬਰ
ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ’ਚ ਕੌਮੀ ਰਾਜਮਾਰਗ 925 ’ਤੇ ਸੱਟਾ-ਗੰਧਵ ’ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਐਮਰਜੈਂਸੀ ਲੈਂਡਿੰਗ ਫੀਲਡ ਦਾ ਅੱਜ ਉਦਘਾਟਨ ਕੀਤਾ। ਹਵਾਈ ਸੈਨਾ ਦੇ ਹਰਕੁਲਿਸ ਸੀ-130ਜੇ ਜਹਾਜ਼ ’ਤੇ ਦੋਵੇਂ ਮੰਤਰੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸਵਾਰ ਸਨ। ਇਸ ਜਹਾਜ਼ ਨੇ ਕੌਮੀ ਰਾਜਮਾਰਗ ’ਤੇ ‘ਮੌਕ ਐਮਰਜੈਂਸੀ ਲੈਂਡਿੰਗ’ ਕੀਤੀ। ਕੌਮੀ ਰਾਜਮਾਰਗ-925 ’ਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਬਣਿਆ ਇਹ ਪਹਿਲਾ ‘ਐਮਰਜੈਂਸੀ ਲੈਂਡਿੰਗ ਫੀਲਡ’ ਹੈ ਅਤੇ ਇਹ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਐਨ ਨੇੜੇ ਹੈ। ਦੋਵੇਂ ਮੰਤਰੀਆਂ ਨੇ ਐੱਨਐੱਚ-925 ’ਤੇ ਤਿਆਰ ਹੰਗਾਮੀ ਲੈਂਡਿੰਗ ਸਹੂਲਤ ’ਤੇ ਕਈ ਜਹਾਜ਼ਾਂ ਦੀ ਲੈਂਡਿੰਗ ਨੂੰ ਵੀ ਦੇਖਿਆ। ਸੁਖੋਈ-30 ਐੱਮਕੇਆਈ ਲੜਾਕੂ ਜੈੱਟ, ਹਵਾਈ ਸੈਨਾ ਦੇ ਏਐੱਨ-32 ਮਿਲਟਰੀ ਟਰਾਂਸਪੋਰਟ ਜਹਾਜ਼ ਅਤੇ ਐੱਮਆਈ-17ਵੀ5 ਹੈਲੀਕਾਪਟਰ ਨੇ ਵੀ ਇਥੇ ਐਮਰਜੈਂਸੀ ਲੈਂਡਿੰਗ ਕੀਤੀ। ਆਪਣੇ ਭਾਸ਼ਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ’ਚ ਬਾੜਮੇਰ ਵਰਗੀਆਂ 20 ਐਮਰਜੈਂਸੀ ਲੈਂਡਿੰਗ ਪੱਟੀਆਂ ਬਣਾਈਆਂ ਜਾ ਰਹੀਆਂ ਹਨ। ‘ਕੇਂਦਰੀ ਸੜਕ ਮੰਤਰਾਲੇ ਦੀ ਸਹਾਇਤਾ ਨਾਲ ਕਈ ਹੈਲੀਪੈਡ ਵੀ ਬਣਾਏ ਜਾ ਰਹੇ ਹਨ। ਇਹ ਸਾਡੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਅਹਿਮ ਕਦਮ ਹੈ।’ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਰੱਖਿਆ ’ਤੇ ਇੰਨਾ ਪੈਸਾ ਖ਼ਰਚਿਆ ਜਾਵੇਗਾ ਤਾਂ ਦੇਸ਼ ਦੇ ਵਿਕਾਸ ’ਤੇ ਅਸਰ ਪਵੇਗਾ ਪਰ ਅੱਜ ਕੌਮੀ ਰਾਜਮਾਰਗ ’ਤੇ ਐਮਰਜੈਂਸੀ ਲੈਂਡਿੰਗ ਪੱਟੀ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਰੱਖਿਆ ਅਤੇ ਵਿਕਾਸ ਨਾਲੋਂ ਨਾਲ ਹੋ ਸਕਦੇ ਹਨ। ਕੌਮੀ ਰਾਜਮਾਰਗ ਅਥਾਰਿਟੀ ਨੇ ਸੱਟਾ-ਗੰਧਵ ਮਾਰਗ ਦੇ ਤਿੰਨ ਕਿਲੋਮੀਟਰ ਹਿੱਸੇ ’ਤੇ ਹਵਾਈ ਸੈਨਾ ਲਈ ਐਮਰਜੈਂਸੀ ਲੈਂਡਿੰਗ ਸਹੂਲਤ ਦਾ ਨਿਰਮਾਣ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਪੱਟੀ ਬਣਾ ਕੇ ਸੁਨੇਹਾ ਦਿੱਤਾ ਹੈ ਕਿ ਮੁਲਕ ਦੀ ਏਕਤਾ, ਅਖੰਡਤਾ ਅਤੇ ਖੁਦਮੁਖਤਿਆਰੀ ਨੂੰ ਕਿਸੇ ਵੀ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਲੈਂਡਿੰਗ ਪੱਟੀ ਨਾ ਸਿਰਫ਼ ਜੰਗ ਸਗੋਂ ਕੁਦਰਤੀ ਆਫ਼ਤਾਂ ਵੇਲੇ ਵੀ ਸਹਾਈ ਹੋਵੇਗੀ। -ਪੀਟੀਆਈ