ਮੁੰਬਈ: ਸ਼ਿਵ ਸੈਨਾ (ਯੂਬੀਟੀ) ਨੇ ਐੱਨਸੀਪੀ ਆਗੂ ਅਜੀਤ ਪਵਾਰ ਦੇ ਮਹਾਰਾਸ਼ਟਰ ਸਰਕਾਰ ਵਿੱਚ ਸ਼ਾਮਲ ਹੋਣ ਦੇ ਹਵਾਲੇ ਨਾਲ ਅੱਜ ਦਾਅਵਾ ਕੀਤਾ ਕਿ ਹੁਣ ਤਾਂ ਕਥਿਤ ਆਰਥਿਕ ਅਪਰਾਧੀਆਂ ਮੇਹੁਲ ਚੋਕਸੀ, ਨੀਰਵ ਮੋਦੀ ਤੇ ਵਿਜੈ ਮਾਲਿਆ ਦਾ ਹੀ ਭਾਜਪਾ ਵਿੱਚ ਸ਼ਾਮਲ ਹੋਣਾ ਬਾਕੀ ਹੈ। ਸੈਨਾ (ਯੂਬੀਟੀ) ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਦੋ ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਦੇ ਹਵਾਲੇ ਨਾਲ ਮਹਾਰਾਸ਼ਟਰ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਫਿਲਮ ‘ਵਨ (ਡਾਊਟ) ਫੁੱਲ ਤੇ ਟੂ ਹਾਫ਼’ ਕਰਾਰ ਦਿੱਤਾ ਹੈ। ਸੰਪਾਦਕੀ ਵਿੱਚ ਦਾਅਵਾ ਕੀਤਾ ਗਿਆ ਕਿ ਐੱਨਸੀਪੀ ਵਿੱਚ ਪਏ ਪਾੜ ਪਿੱਛੇ ਦਿੱਲੀ ਬੈਠੀ ‘ਸੁਪਰਪਾਵਰ’ ਦਾ ਹੱਥ ਹੈ। ਸੰਪਾਦਕੀ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਆਪਣੇ ਇਕ ਫ਼ੈਸਲੇ ਵਿੱਚ ਸਾਫ਼ ਕਰ ਦਿੱਤਾ ਸੀ ਕਿ ਕਿਸੇ ਪਾਰਟੀ ਦੇ ਵਿਧਾਇਕਾਂ ਦਾ ਸਮੂਹ ਜਥੇਬੰਦੀ ਅਤੇ ਇਸ ਦੇ ਚੋਣ ਨਿਸ਼ਾਨ ’ਤੇ ਦਾਅਵਾ ਪੇਸ਼ ਨਹੀਂ ਕਰ ਸਕਦਾ। ਮਰਾਠੀ ਅਖ਼ਬਾਰ ਨੇ ਕਿਹਾ ਕਿ ਭਾਜਪਾ ਕੋਲ ਭ੍ਰਿਸ਼ਟਾਚਾਰ, ਨੈਤਿਕਤਾ ਤੇ ਡਾਕੇ ਦੀਆਂ ਗੱਲਾਂ ਕਰਨ ਦਾ ਕੋਈ ਆਧਾਰ ਨਹੀਂ ਹੈ। ਅਖ਼ਬਾਰ ਨੇ ਲਿਖਿਆ, ‘‘ਭਾਜਪਾ ਨੇ ਮਹਾਰਾਸ਼ਟਰ ਵਿਚ ਜੋ ਕੁਝ ਕੀਤਾ ਉਹ ਹਾਸੋਹੀਣਾ ਹੈ। ਪਾਰਟੀ ਵਿੱਚ ਹੁਣ ਸਿਰਫ਼ ਮੇਹੁਲ ਚੋਕਸੀ, ਨੀਰਵ ਮੋਦੀ ਤੇ ਵਿਜੈ ਮਾਲਿਆ ਦਾ ਸ਼ਾਮਲ ਹੋਣਾ ਬਾਕੀ ਹੈ। ਇਕ ਨੂੰ ਪਾਰਟੀ ਦਾ ਕੌਮੀ ਖਜ਼ਾਨਚੀ ਬਣਾਇਆ ਜਾਵੇ, ਦੂਜੇ ਦੀ ਨੀਤੀ ਆਯੋਗ ਵਿੱਚ ਨਿਯੁਕਤੀ ਹੋਵੇ ਤੇ ਤੀਜੇ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਥਾਪਿਆ ਜਾਵੇ।’’ ਸੰਪਾਦਕੀ ਵਿੱਚ ਕਿਹਾ ਗਿਆ ਕਿ 2014 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾ ਫੜਨਵੀਸ ਨੇ ਦਾਅਵਾ ਕੀਤਾ ਸੀ ਕਿ ਅਜੀਤ ਪਵਾਰ ਨੂੰ ਕਥਿਤ ਸਿੰਜਾਈ ਘੁਟਾਲੇ ਵਿੱਚ ਜੇਲ੍ਹ ਭੇਜਿਆ ਜਾਵੇਗਾ, ਪਰ ਐੱਨਸੀਪੀ ਆਗੂ ਨੇ (ਐਤਵਾਰ ਨੂੰ) ਉਪ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹਲਫ਼ ਲਿਆ। ਮਰਾਠੀ ਰੋਜ਼ਨਾਮਚੇ ਨੇ ਕਿਹਾ, ‘‘ਨਵੇਂ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਮੁੱਖ ਮੰਤਰੀ ਦੇ ਸਰਕਾਰੀ ਬੰਗਲੇ ‘ਵਰਸ਼ਾ’ ਵਿੱਚ ਹੋਣੀ ਚਾਹੀਦੀ ਸੀ, ਪਰ ਇਹ ਫੜਨਵੀਸ ਦੇ ਬੰਗਲੇ ‘ਸਾਗਰ’ ਵਿੱਚ ਕੀਤੀ ਗਈ। ਸਾਫ਼ ਹੈ ਕਿ ਸੀਐੱਮ ਸ਼ਿੰਦੇ ਦੀ ਨਹੀਂ ਚੱਲਦੀ।’’ -ਪੀਟੀਆਈ
ਭਾਜਪਾ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਸਹਾਰਾ ਲਿਆ: ਰਾਊਤ
ਸ਼ਿਵ ਸੈਨਾ (ਯੂਬੀਟੀ) ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਭਾਜਪਾ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਸਹਾਰਾ ਲੈਂਦਿਆਂ ਪਿਛਲੇ ਸਾਲ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਦੋ ਧੜਿਆਂ ’ਚ ਵੰਡਿਆ ਸੀ ਤੇ ਹੁਣ ਇਸੇ ਫਾਰਮੂਲੇ ਦੇ ਅਧਾਰ ’ਤੇ ਐੱਨਸੀਪੀ ਨੂੰ ਦੋਫਾੜ ਕੀਤਾ ਹੈ। ਰਾਊਤ ਨੇ ਭਾਜਪਾ ਦੇ ਹਵਾਲੇ ਨਾਲ ਕਿਹਾ ਕਿ ‘ਦਿੱਲੀ ਦਾ ਸੁਲਤਾਨ’ ਮਹਾਰਾਸ਼ਟਰ ਵਿੱਚ ਸਿਆਸੀ ਬਾਜ਼ੀ ਦਾ ਮਜ਼ਾ ਲੈ ਰਿਹਾ ਹੈ ਜਦੋਂਕਿ ਮਰਾਠਾ, ਜੋ ਸੂਬੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਮਾਜਿਕ ਸਮੂਹ ਹੈ, ਆਪਸ ਵਿੱਚ ਹੀ ਲੜ ਰਹੇ ਹਨ।