ਨਵੀਂ ਦਿੱਲੀ: ਲੇਖਕ ਤੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਭਾਰਤ ਵਿੱਚ ਫਿਲਮਾਂ ਬਣਾਉਣ ਵਾਲਿਆਂ ਲਈ ਤਜਰਬਾ ਕਰਨ ਦਾ ਇਹ ਬਹੁਤ ਵਧੀਆ ਸਮਾਂ ਹੈ ਹਾਲਾਂਕਿ ਇਹ ਉਹ ਸਮਾਂ ਹੈ ਜਿਥੇ ਨਿੱਕੀ ਜਿਹੀ ਗੱਲ ’ਤੇ ਬਖੇੜਾ ਖੜ੍ਹਾ ਹੋ ਜਾਂਦਾ ਹੈ। ਉਹ ਅਜਿਹੀ ਸਮੱਗਰੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਕੋਈ ਵੀ ਨਾਰਾਜ਼ ਨਾ ਹੋਵੇ। ਦੇਸ਼ ਵਿੱਚ ਮੌਜੂਦਾ ਹਾਲਾਤ ਬਾਰੇ ਦੱਸਦਿਆਂ ਅਨੁਰਾਗ ਨੇ ਕਿਹਾ ਕਿ ਰਾਜਨੀਤੀ ਤੇ ਧਰਮ, ਦੋ ਵੱਡੇ ਵਿਸ਼ੇ ਹਨ, ਜਿਨ੍ਹਾਂ ਬਾਰੇ ਸਿੱਧੇ ਤੌਰ ’ਤੇ ਫ਼ਿਲਮ ਬਣਾਉਣ ਸਬੰਧੀ ‘ਰੋਕਾਂ’ ਲਾਈਆਂ ਜਾਂਦੀਆਂ ਹਨ। ਉਸ ਨੂੰ ਮਹੱਤਵਪੂਰਨ ਕਹਾਣੀਆਂ ਪਸੰਦ ਹਨ ਅਤੇ ਉਹ ਇਸ ’ਤੇ ਕੰਮ ਕਰ ਰਿਹਾ ਹੈ ਪਰ ਇਸ ਵੇਲੇ ਅਜਿਹੇ ਮਾਹੌਲ ਨਾਲ ਨਜਿੱਠਣਾ ਪੈ ਰਿਹਾ ਹੈ ਜਿਥੇ ਬਹੁਤ ਸੀਮਤ ਹੋ ਕੇ ਕੰਮ ਕਰਨਾ ਪੈਂਦਾ ਹੈ। ਅਨੁਰਾਗ ਨੇ ਲੰਡਨ ਵਿਚ ਫਿਲਮ ‘ਦੁਬਾਰਾ’ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵੀ ਅਜਿਹਾ ਨਾ ਕਰੋ ਜਿਸ ਕਾਰਨ ਵਿਵਾਦ ਖੜ੍ਹਾ ਹੋਵੇ। ਇਸ ਮੌਕੇ ਅਦਾਕਾਰ ਪਾਵੇਲ ਗੁਲਾਟੀ ਤੇ ਤਾਪਸੀ ਪੰਨੂ ਵੀ ਮੌਜੂਦ ਸੀ। ਕਸ਼ਯਪ ਨੇ ਪਸੰਦੀਦਾ ਫਿਲਮ ‘ਗੈਂਗ ਆਫ ਵਾਸੇਪੁਰ’ ਬਾਰੇ ਵੀ ਗੱਲਬਾਤ ਕੀਤੀ। ਇਸ ਫਿਲਮ ਨੇ ਪਿਛਲੇ ਹਫਤੇ 10 ਸਾਲ ਪੂਰੇ ਕੀਤੇ ਹਨ। -ਪੀਟੀਆਈ