ਮਾਸਕੋ, 6 ਜੁਲਾਈ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਯੂਕਰੇਨ ਦੇ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਪਰ ਜੇਕਰ ਯੂਕਰੇਨ ਦੀ ਮਦਦ ਕਰਨ ਵਾਲੇ ਪੱਛਮੀ ਦੇਸ਼ ਸੋਚਦੇ ਹਨ ਕਿ ਮਾਸਕੋ ਅਜਿਹਾ ਕਦੇ ਨਹੀਂ ਕਰੇਗਾ, ਤਾਂ ਉਹ ਗਲਤ ਹਨ। ਇਹ ਸੰਦੇਸ਼ ਪੁਤਿਨ ਨੇ ਉਸ ਸਮੇਂ ਦਿੱਤਾ ਜਦੋਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਯੂਕਰੇਨ ਦੇ ਫੌਜੀ ਬਲਾਂ ਦੀ ਮਦਦ ਕਰਨ ਲਈ ਕਦਮ ਚੁੱਕ ਰਹੇ ਹਨ। ਪੁਤਿਨ ਨੇ ਨਾਟੋ ਮੈਂਬਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਯੂਕ੍ਰੇਨ ਨੂੰ ਸਹਾਇਤਾ ਕਰਨ ਨਾਲ ਉਨ੍ਹਾਂ ਦਾ ਰੂਸ ਨਾਲ ਟਕਰਾਅ ਹੋ ਸਕਦਾ ਹੈ, ਜੋ ਕਿ ਪਰਮਾਣੂ ਸੰਘਰਸ਼ ਵਿਚ ਬਦਲ ਸਕਦਾ ਹੈ।
ਮਾਸਕੋ ਨੇ ਹਾਲ ਹੀ ਵਿਚ ਦੱਖਣੀ ਰੂਸ ਵਿਚ ਸਹਿਯੋਗੀ ਬੇਲਾਰੂਸ ਦੇ ਨਾਲ ਮਿਲਕੇ ਰਣਨੀਤੀਕ ਅਭਿਆਸ ਕੀਤਾ ਸੀ। ਪੱਛਮੀ ਦੇਸ਼ ਯੂਕ੍ਰੇਨ ਵਿਚ ਨਾਟੋ ਸੈਨੀਕਾਂ ਦੀ ਤੈਨਾਤੀ ਅਤੇ ਰੂਸੀ ਖੇਤਰ ਵਿਚ ਸੀਮਤ ਹਮਲਿਆਂ ਦੇ ਲਈ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇਣ ਬਾਰੇ ਵਿਚਾਰ ਕਰ ਰਹੇ ਹਨ।-ਪੀਟੀਆਈ