ਨਵੀਂ ਦਿੱਲੀ, 21 ਦਸੰਬਰ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਦੱਸਿਆ ਭਾਰਤ ’ਚ ਤੇਂਦੂਆਂ ਦੇ ਗਿਣਤੀ 2018 ਵਿੱਚ 12 ਹਜ਼ਾਰ ਤੋਂ ਵੱਧ ਹੋ ਗਈ ਸੀ। ਸਾਲ 2014 ਤਕ ਤੇਂਦੂਆਂ ਦੀ ਸੰਖਿਆ ਲੱਗਪਗ 8 ਹਜ਼ਾਰ ਸੀ। ਉਨ੍ਹਾਂ ਕਿਹਾ ਕਿ ਤੇਂਦੂਆਂ ਦੇ ਨਾਲ-ਨਾਲ ਚੀਤਿਆਂ ਸ਼ੇਰਾਂ ਦੀ ਗਿਣਤੀ ਵਧਣ ਦੀਆਂ ਰਿਪੋਰਟਾਂ ਆਉਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਆਪਣੇ ਵਾਤਾਵਰਨ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਕਰ ਰਿਹਾ ਹੈ। ਜਾਵੜੇਕਰ ਨੇ ‘ਭਾਰਤ ’ਚ ਤੇਦੂਆਂ ਦੀ ਸਥਿਤੀ 2018’ ਰਿਪੋਰਟ ਜਾਰੀ ਕਰਦਿਆਂ ਕਿ ਤੇਂਦੂਆਂ ਦੀ ਗਿਣਤੀ ਅੰਦਾਜ਼ਾ ਕੈਮਰਾ ਟਰੈਪਿੰਗ ਤਕਨੀਕ ਦੀ ਵਰਤੋਂ ਕਰਕੇ ਲਾਇਆ ਗਿਆ ਹੈ। ਉਨ੍ਹਾਂ ਕਿਹਾ, ‘2014 ਵਿੱਚ 8 ਹਜ਼ਾਰ ਤੇਂਦੂਏ ਸਨ। ਚੀਤਿਆਂ ਅਤੇ ਏਸ਼ਿਆਈ ਸ਼ੇਰਾਂ ਦੀ ਗਿਣਤੀ ’ਚ ਵਾਧਾ ਇਹ ਦਰਸਾਉਂਦਾ ਹੈ ਕਿ ਕਿਵੇਂ ਭਾਰਤ ਵਾਤਾਵਰਨ ਅਤੇ ਜੈਵ-ਵਿਭਿੰਨਤਾ ਦੀ ਸੁਰੱਖਿਆ ਕਰ ਰਿਹਾ ਹੈ।’ ਰਿਪੋਰਟ ਮੁਤਾਬਕ 2018 ’ਚ ਭਾਰਤ ’ਚ ਤੇਂਦੂਆਂ ਦੀ ਗਿਣਤੀ ਲੱਗਪਗ 12,852 ਸੀ, ਜਿਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ 3,421, ਕਰਨਾਟਕ ’ਚ 1,783 ਅਤੇ 1,690 ਮਹਾਰਾਸ਼ਟਰ ’ਚ ਸਨ। ਖੇਤਰਾਂ ਦੇ ਹਿਸਾਬ ਨਾਲ ਸਭ ਤੋਂ ਵੱਧ 8,071 ਤੇਂਦੂਏ ਕੇਂਦਰੀ ਭਾਰਤ ਅਤੇ ਪੂਰਬੀ ਘਾਟਾਂ ’ਤੇ ਪਾਏ ਗਏ। ਪੱਛਮੀ ਘਾਟਾਂ ’ਤੇ ਇਨ੍ਹਾਂ ਦੀ ਗਿਣਤੀ 3,387 ਜਦਕਿ ਸ਼ਿਵਾਲਿਕ ਅਤੇ ਗੰਗਾ ਦੇ ਮੈਦਾਨਾਂ ’ਚ 1,253 ਦਰਜ ਕੀਤੀ ਗਈ ਹੈ। ਉੱਤਰੀ ਪਹਾੜੀਆਂ ’ਚ ਸਿਰਫ਼ 141 ਤੇਂਦੂਏ ਪਾਏ ਗਏ। -ਪੀਟੀਆਈ