ਜੈਪੁਰ, 16 ਜੁਲਾਈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਨੂੰ ਫਟਕਾਰ ਲਗਾਉਣ ’ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਆਲੋਚਨਾ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੋ ਜੱਜਾਂ ਨੇ ਆਪਣੇ ਵਿਚਾਰ ਰੱਖੇ ਤਾਂ ਦੇਸ਼ ਪੱਧਰੀ ਮੁੱਦਾ ਬਣ ਗਿਆ। ਸੁਪਰੀਮ ਕੋਰਟ ਦੇ ਜਸਟਿਸ ਜੇਪੀ ਪਾਰਦੀਵਾਲਾ ਅਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਪਹਿਲੀ ਜੁਲਾਈ ਨੂੰ ਨੂਪੁਰ ਸ਼ਰਮਾ ਦੇ ਬਿਆਨ ’ਤੇ ਟੀਕਾ-ਟਿੱਪਣੀ ਕੀਤੀ ਸੀ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ, ਨੌਕਰਸ਼ਾਹਾਂ ਤੇ ਅਧਿਕਾਰੀਆਂ ਸਣੇ 116 ਲੋਕਾਂ ਨੇ ਇਸ ਟੀਕਾ-ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ। ਗਹਿਲੋਤ ਨੇ ਕਿਹਾ ਕਿ ਪਤਾ ਨਹੀਂ ਇਹ ਕੌਣ ਲੋਕ ਸਨ, ਇਹ ਸਭ ਕਿਵੇਂ ਕੀਤਾ ਗਿਆ ਅਤੇ ਇਸ ਸਭ ਪਿੱਛੇ ਕੌਣ ਸੀ ਅਤੇ ਇਸ ਨੂੰ ਦੇਸ਼ ਪੱਧਰ ’ਤੇ ਇੱਕ ਮੁੱਦਾ ਬਣਾਇਆ ਗਿਆ। -ਪੀਟੀਆਈ