ਮੁੰਬਈ, 5 ਜੁਲਾਈ
ਮਹਾਰਾਸ਼ਟਰ ਵਿਧਾਨ ਸਭਾ ਨੇ ਸੋਮਵਾਰ ਨੂੰ ਇਕ ਮਤਾ ਪਾਸ ਕਰਕੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਮੁਹੱਈਆ ਕਰਾਏ ਜਿਸ ਨਾਲ ਪ੍ਰਦੇਸ਼ ਬੈਕਵਰਡ ਕਲਾਸ ਕਮਿਸ਼ਨ ਓਬੀਸੀ ਆਬਾਦੀ ਨੂੰ ਲੈ ਕੇ ਅੰਕੜਾ ਤਿਆਰ ਕਰ ਸਕੇ ਜਿਸ ਦਾ ਮਕਸਦ ਸਥਾਨਕ ਸਰਕਾਰਾਂ ’ਚ ਇਸ ਵਰਗ ਲਈ ਸਿਆਸੀ ਰਾਖਵਾਂਕਰਨ ਬਹਾਲ ਕਰਨ ਦੀ ਕੋਸ਼ਿਸ਼ ਕਰਨਾ ਹੈ। ਐੱਨਸੀਪੀ ਆਗੂ ਅਤੇ ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਛਗਨ ਭੁਜਬਲ ਵੱਲੋਂ ਪੇਸ਼ ਮਤੇ ਨੂੰ ਵਿਰੋਧੀ ਧਿਰ ਭਾਜਪਾ ਦੇ ਹੰਗਾਮੇ ਦੌਰਾਨ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਮੁੱਦੇ ’ਤੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ। ਭਾਜਪਾ ਵਿਧਾਇਕ ਸਦਨ ’ਚ ਸਪੀਕਰ ਦੇ ਆਸਣ ਸਾਹਮਣੇ ਪਹੁੰਚ ਗਏ ਅਤੇ ਪ੍ਰਦੇਸ਼ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਤਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਸ ਨਾਲ ਕਿਸੇ ਵੀ ਉਦੇਸ਼ ਦੀ ਪੂਰਤੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪੱਛੜੇ ਵਰਗਾਂ ਬਾਰੇ ਕਮਿਸ਼ਨ ਅਤੇ ਓਬੀਸੀ ਦੇ ਸਿਆਸੀ ਪੱਛੜੇਪਣ ਦਾ ਪਤਾ ਲਾਉਣ ਲਈ ਜਾਂਚ ਕਰਨ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਦਾਲਤ ਦੇ ਹੁਕਮਾਂ ’ਤੇ ਕੁਝ ਵੀ ਨਹੀਂ ਕਰ ਰਹੀ ਹੈ। ਫੜਨਵੀਸ ਨੇ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ’ਚ ‘ਅੱਠ ਕਰੋੜ ਗਲਤੀਆਂ’ ਸਨ ਜਦਕਿ ਮਹਾਰਾਸ਼ਟਰ ਦੇ ਅੰਕੜਿਆਂ ’ਚ ‘69 ਲੱਖ ਗੜਬੜੀਆਂ’ ਮਿਲੀਆਂ ਸਨ। ਇਸ ਕਾਰਨ ਇਹ ਅੰਕੜੇ ਨਹੀਂ ਦਿੱਤੇ ਗਏ ਸਨ। ਭੁਜਬਲ ਨੇ ਸਵਾਲ ਕੀਤਾ ਕਿ ਜੇਕਰ ਅੰਕੜਿਆਂ ’ਚ ਗਲਤੀਆਂ ਸਨ ਤਾਂ ਇਨ੍ਹਾਂ ’ਚ ਸੋਧ ਅਤੇ ਸੁਧਾਰ ਕਿਉਂ ਨਹੀਂ ਕੀਤਾ ਗਿਆ। ‘ਤੁਸੀਂ ਛੇ ਸਾਲਾਂ ਤੱਕ ਇਹ ਅੰਕੜਾ ਲੈ ਕੇ ਬੈਠੇ ਰਹੇ।’’ -ਪੀਟੀਆਈ