ਠਾਣੇ (ਮਹਾਰਾਸ਼ਟਰ), 20 ਜਨਵਰੀ
ਮਹਾਰਸ਼ਟਰ ਦੇ ਠਾਣੇ ਸਿਟੀ ਪੁਲੀਸ ਨੇ ਹਿੰਦੂ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਨੂੰ ਰਾਏਪੁਰ (ਛੱਤੀਸਗੜ੍ਹ) ਤੋਂ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਲੀਚਰਨ ਨੂੰ ਮਹਾਤਮਾ ਗਾਂਧੀ ਖ਼ਿਲਾਫ਼ ਇਤਰਾਜਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਇੱੱਥੇ ਉਸ ਖ਼ਿਲਾਫ਼ ਇੱਥੇ ਦਰਜ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਤਮਾ ਗਾਂਧੀ ਖ਼ਿਲਾਫ਼ ਇਤਰਾਜਯੋਗ ਟਿੱਪਣੀ ਦੇ ਸਬੰਧ ’ਚ ਕਾਲੀਚਰਨ ਨੂੰ ਛੱਤੀਸਗੜ੍ਹ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਵੀ ਕਈ ਥਾਈਂ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਪਿਛਲੇ ਵਰ੍ਹੇ 26 ਦਸੰਬਰ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਸਮਾਗਮ ਦੌਰਾਨ ਮਹਾਤਮਾ ਗਾਂਧੀ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਠਾਣੇ ਪੁਲੀਸ ਨੇ ਕਾਲੀਚਰਨ ਨੂੰ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿੱਥੇ ਉਹ ਉਕਤ ਕੇਸ ਤਹਿਤ ਜੇਲ੍ਹ ਵਿੱਚ ਬੰਦ ਸੀ। ਠਾਣੇ ਦੇ ਨੌਪਾੜਾ ਪੁਲੀਸ ਸਟੇਸ਼ਨ ਵਿੱਚ ਕਾਲੀਚਰਨ ਖ਼ਿਲਾਫ਼ ਕੇਸ ਐੱਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਜਿਤੇਂਦਰ ਅਵਹਦ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੌਪਾੜਾ ਥਾਣੇ ਦੀ ਅੱਠ ਮੈਂਬਰੀ ਟੀਮ ਰਾਏਪੁਰ ਗਈ ਸੀ, ਜਿਸ ਵੱਲੋਂ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ