ਨਵੀਂ ਦਿੱਲੀ, 8 ਦਸੰਬਰ
ਭਾਰਤੀ ਜਨਤਾ ਪਾਰਟੀ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੂੰ ਕ੍ਰਮਵਾਰ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਵਿਧਾਇਕ ਦਲ ਦੇ ਲੀਡਰਾਂ ਦੀ ਚੋਣ ਲਈ ਕੇਂਦਰੀ ਅਬਜ਼ਰਵਰ ਨਿਯੁਕਤ ਕੀਤਾ ਹੈ। ਵਿਧਾਇਕ ਦਲ ਦੇ ਨੇਤਾ ਆਪਣੇ ਰਾਜ ਦੇ ਮੁੱਖ ਮੰਤਰੀ ਬਣਨਗੇ। ਤਿੰਨੇ ਰਾਜਾਂ ’ਚ ਵਿਧਾਇਕ ਦਲ ਦੀ ਮੀਟਿੰਗ ਇਸੇ ਹਫ਼ਤੇ ਦੇ ਅੰਤ ’ਚ ਹੋ ਸਕਦੀ ਹੈ।
ਪਾਰਟੀ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਰਾਜਸਥਾਨ ’ਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਰਾਜਨਾਥ ਸਿੰਘ ਤੋਂ ਇਲਾਵਾ ਰਾਜ ਸਭਾ ਮੈਂਬਰ ਸਰੋਜ ਪਾਂਡੇ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਕੇਂਦਰੀ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਅੰਦਰ ਇਸ ਗੱਲ ਦੀ ਚਰਚਾ ਜ਼ੋਰਾਂ ’ਤੇ ਹੈ ਕਿ ਪਾਰਟੀ ਦੋ ਵਾਰ ਮੁੱਖ ਮੰਤਰੀ ਰਹੀ ਵਸੁੰਧਰਾ ਰਾਜੇ ਦੇ ਦਾਅਵਿਆਂ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਅਤੇ ਉਨ੍ਹਾਂ ਦੀ ਥਾਂ ਕਿਸੇ ਨਵੇਂ ਚਿਹਰੇ ਨੂੰ ਸੂਬੇ ਦੀ ਕਮਾਨ ਸੌਂਪ ਸਕਦੀ ਹੈ।
ਖੱਟਰ ਨਾਲ ਪਾਰਟੀ ਦੇ ਓਬੀਸੀ ਮੋਰਚੇ ਦੇ ਮੁਖੀ ਕੇ ਲਕਸ਼ਮਣ ਅਤੇ ਕੌਮੀ ਸਕੱਤਰ ਆਸ਼ਾ ਲਾਕੜਾ ਵੀ ਮੱਧ ਪ੍ਰਦੇਸ਼ ਦੀ ਮੀਟਿੰਗ ’ਚ ਸ਼ਾਮਲ ਹੋਣਗੇ ਜਦਕਿ ਮੁੰਡਾ ਨਾਲ ਕੇਂਦਰੀ ਮੰਤਰੀ ਸਰਬਨੰਦ ਸੋਨੋਵਾਲ ਅਤੇ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਛੱਤੀਸਗੜ੍ਹ ਲਈ ਕੇਂਦਰੀ ਅਬਜ਼ਰਵਰ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਕੰਮਲ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਜਿੱਤ ਦਰਜ ਕੀਤੀ ਸੀ। ਮੱਧ ਪ੍ਰਦੇਸ਼ ’ਚ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਦਾਅਵਾ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ ਪਰ ਪਾਰਟੀ ਅੰਦਰ ਸੂਬੇ ਵਿੱਚ ਲੀਡਰਸ਼ਿਪ ਤਬਦੀਲ ਕਰਨ ਦੀ ਵੀ ਇੱਕ ਰਾਏ ਹੈ। ਇਸ ਲਈ ਪਾਰਟੀ ਅੰਦਰ ਇਸ ਸੂਬੇ ਵਿੱਚ ਕਿਸੇ ਨਵੇਂ ਚਿਹਰੇ ’ਤੇ ਦਾਅ ਲਾਉਣ ਦਾ ਵਿਚਾਰ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਛੱਤੀਸਗੜ੍ਹ ’ਚ ਕਿਸੇ ਓਬੀਸੀ ਜਾਂ ਕਬਾਇਲੀ ਨੇਤਾ ਨੂੰ ਕਮਾਨ ਸੌਂਪਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਲਤਾ ਉਸੇਂਦੀ, ਗੋਮਤੀ ਸਾਏ ਅਤੇ ਰੇਣੂਕਾ ਸਿੰਘ ਜਿਹੇ ਅਨੁਸੂਚਿਤ ਕਬੀੇਲਾ ਵਰਗ ਦੇ ਨੇਤਾ ਸਿਖਰਲੇ ਅਹੁਦੇ ਲਈ ਦਾਅਵੇਦਾਰ ਹਨ। ਸੂਬਾ ਪ੍ਰਧਾਨ ਅਰੁਣ ਸਾਵ ਤੇ ਨੌਕਰਸ਼ਾਹ ਤੋਂ ਰਾਜਨੇਤਾ ਬਣੇ ਓਪੀ ਚੌਧਰੀ ਵੀ ਪੱਛੜੀਆਂ ਜਾਤੀਆਂ ’ਚੋਂ ਹਨ। ਛੱਤੀਸਗੜ੍ਹ ਲਈ ਤਿੰਨ ਅਬਜ਼ਰਵਰਾਂ ’ਚੋਂ ਦੋ ਕਬਾਇਲੀ ਭਾਈਚਾਰੇ ਤੋਂ ਹਨ ਜਦਕਿ ਗੌਤਮ ਅਨੁਸੂਚਿਤ ਜਾਤੀ ’ਚੋਂ ਆਉਂਦੇ ਹਨ। -ਪੀਟੀਆਈ