ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਵੇਂ ਸਰਕੁਲਰ ਵਿਚ ਆਪਣੇ ਅਧਿਕਾਰੀਆਂ ਜਾਂ ਤਫ਼ਤੀਸ਼ੀ ਅਧਿਕਾਰੀਆਂ (ਆਈਓ’ਜ਼) ਨੂੰ ਹਦਾਇਤ ਕੀਤੀ ਹੈ ਕਿ ਉਹ ਪੀਐੱਮਐੱਲਏ ਦੀ ਧਾਰਾ 50 ਤਹਿਤ ਸੰਮਨ ਕੀਤੇ ਵਿਅਕਤੀਆਂ ਤੋਂ ਦਫ਼ਤਰੀ ਸਮੇਂ ਦੌਰਾਨ ਹੀ ਪੁੱਛ ਪੜਤਾਲ ਕਰਨ ਤੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਘੰਟਿਆਂਬੱਧੀ ਉਡੀਕ ਨਾ ਕਰਵਾਉਣ। ਈਡੀ ਨੇ ਬੰਬੇ ਹਾਈ ਕੋਰਟ ਦੀਆਂ ਹਦਾਇਤਾਂ ਮਗਰੋਂ 11 ਅਕਤੂਬਰ ਨੂੰ ਇਹ ਤਕਨੀਕੀ ਸਰਕੁਲਰ ਜਾਰੀ ਕੀਤਾ ਹੈ। ਹਾਈ ਕੋਰਟ ਨੇ ਈਡੀ ਵੱਲੋਂ ਸੰਮਨ ਕੀਤੇ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਸੰਘੀ ਏਜੰਸੀ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਕਿਹਾ ਸੀ। ਪਟੀਸ਼ਨਰ, ਜੋ ਇਕ 64 ਸਾਲਾ ਵਿਅਕਤੀ ਹੈ, ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਉਸ ਨੂੰ ‘ਪੂਰੀ ਰਾਤ ਹਿਰਾਸਤ ਵਿਚ ਰੱਖਿਆ ਤੇ ਪੁੱਛ-ਪੜਤਾਲ ਕੀਤੀ।’’ ਹਾਈ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪਟੀਸ਼ਨਰ ਨੂੰ ਈਡੀ ਦਫ਼ਤਰ ਸੰਮਨ ਕੀਤਾ ਗਿਆ ਤੇ ਅੱਧੀ ਰਾਤ ਤੱਕ ਬਿਠਾ ਕੇ ਰੱਖਿਆ ਗਿਆ। ਕੋਰਟ ਨੇ ਕਿਹਾ ਕਿ ਅੱਧੀ ਰਾਤ ਨੂੰ ਉਸ (ਪਟੀਸ਼ਨਰ) ਦੇ ਬਿਆਨ ਦਰਜ ਕਰਨੇ ‘ਯਕੀਨੀ ਤੌਰ ’ਤੇ ਉਸ ਵਿਅਕਤੀ ਨੂੰ ਨੀਂਦ ਤੋਂ ਵਾਂਝਾ ਕਰਨਾ ਹੈ, ਜੋ ਉਸ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ।’ -ਪੀਟੀਆਈ