ਨਵੀਂ ਦਿੱਲੀ, 15 ਜੁਲਾਈ
ਤੇਲ ਬਾਰੇ ਆਪਣੀ ਕੂਟਨੀਤੀ ਜਾਰੀ ਰੱਖਦਿਆਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ‘ਓਪੇਕ’ ਮੁਖੀ ਸਾਊਦੀ ਅਰਬ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਬਾਰੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਸ ਨਾਲ ਦੇਸ਼ ’ਚ ਤੇਲ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਚੁੱਕੀਆਂ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਣੇ ਹਮਰੁਤਬਾ ਨਾਲ ਗੱਲ ਕਰਨ ਤੋਂ ਇੱਕ ਦਿਨ ਬਾਅਦ ਸ੍ਰੀ ਪੁਰੀ ਨੇ ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜ਼ੀਜ਼ ਬਿਨ ਸਲਮਾਨ ਅਲ ਸਾਓਦ ਨਾਲ ਫ਼ੋਨ ’ਤੇ ਗੱਲ ਕਰਦਿਆਂ ਤੇਲ ਕੀਮਤਾਂ ’ਚ ਵਾਧੇ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਕਤਰ ਦੇ ਆਪਣੇ ਹਮਰੁਤਬਾ ਮੰਤਰੀ ਨਾਲ ਵੀ ਗੱਲ ਕੀਤੀ ਸੀ। ਉਨ੍ਹਾਂ ਟਵੀਟ ਕੀਤਾ, ‘ਸਾਊਦੀ ਅਰਬ ਕੌਮਾਂਤਰੀ ਊਰਜਾ ਬਾਜ਼ਾਰ ਦਾ ਮੁੱਖ ਦੇਸ਼ ਹੈ। ਮੈਂ ਆਲਮੀ ਤੇਲ ਮਾਰਕੀਟ ’ਚ ਵੱਡੀ ਪੱਧਰ ’ਤੇ ਪੂਰਵ-ਅਨੁਮਾਨ ਅਤੇ ਸਥਿਰਤਾ ਲਿਆਉਣ ਅਤੇ ਹਾਈਡਰੋਕਾਰਬਨ ਨੂੰ ਹੋਰ ਜ਼ਿਆਦਾ ਕਿਫ਼ਾਇਤੀ ਬਣਾਉਣ ਲਈ ਉਨ੍ਹਾਂ ਦੇ ਸ਼ਾਹੀ ਪ੍ਰਿੰਸ ਅਬਦੁੱਲ ਅਜ਼ੀਜ਼ ਨਾਲ ਕੰਮ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ।’ ਪੁਰੀ ਨੇ ਕਿਹਾ ਕਿ ਸਾਊਦੀ ਅਰਬ ਦੇ ਮੰਤਰੀ ਨਾਲ ਉਨ੍ਹਾਂ ਦੀ ਗੱਲਬਾਤ ‘ਨਿੱਘੀ ਤੇ ਦੋਸਤਾਨਾ’ ਰਹੀ ਹੈ। ਉਨ੍ਹਾਂ ਕਿਹਾ, ‘ਗੱਲਬਾਤ ਦੁਵੱਲੇ ਊਰਜਾ ਸਮਝੌਤਤਿਆਂ ਦੀ ਮਜ਼ਬੂਤੀ ਅਤੇ ਆਲਮੀ ਊਰਜਾ ਮਾਰਕੀਟਾਂ ਵਿੱਚ ਵਿਕਾਸ ’ਤੇ ਕੇਂਦਰਤ ਰਹੀ।’ -ਏਜੰਸੀ