ਸ੍ਰੀਨਗਰ, 21 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆ ਅੱਜ ਯੋਗ ਨੂੰ ਵਿਸ਼ਵ ਭਲਾਈ ਲਈ ਸ਼ਕਤੀਸ਼ਾਲੀ ਮਾਧਿਅਮ ਵਜੋਂ ਦੇਖਦੀ ਹੈ, ਕਿਉਂਕਿ ਇਹ ਲੋਕਾਂ ਨੂੰ ਅਤੀਤ ਦਾ ਭਾਰ ਚੁੱਕੇ ਬਗ਼ੈਰ ਵਰਤਮਾਨ ਵਿੱਚ ਜੀਣ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ 10ਵੇਂ ਕੌਮਾਂਤਰੀ ਯੋਗ ਦਿਵਸ ’ਤੇ ਇੱਥੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ’ਚ ਮੁੱਖ ਸਮਾਰੋਹ ‘ਚ ਇਹ ਗੱਲ ਕਹੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਨੇ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਵਿੱਚ ਮਦਦ ਕੀਤੀ ਹੈ ਕਿ ਉਨ੍ਹਾਂ ਦੀ ਭਲਾਈ ਉਨ੍ਹਾਂ ਦੇ ਆਲੇ-ਦੁਆਲੇ ਦੀ ਦੁਨੀਆ ਦੀ ਭਲਾਈ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਵਿੱਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਕੌਮਾਂਤਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ ਅਤੇ ਭਾਰਤ ਦੇ ਪ੍ਰਸਤਾਵ ਨੂੰ 177 ਦੇਸ਼ਾਂ ਨੇ ਸਮਰਥਨ ਦਿੱਤਾ ਸੀ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।