ਨਵੀਂ ਦਿੱਲੀ, 15 ਅਗਸਤ
ਪ੍ਰਧਾਨ ਮੰਤਰੀ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 11ਵੀਂ ਵਾਰ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਿਦਆਂ ਕਿਹਾ ਜਦੋਂ 40 ਕਰੋੜ ਦੇਸ਼ ਵਾਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਨ ਤਾਂ ਅੱਜ 140 ਕਰੋੜ ‘ਪਰਿਵਾਰਕ ਮੈਂਬਰ’ ਵੀ ਇਸੇ ਭਾਵਨਾ ਨਾਲ ਭਾਰਤ ਨੂੰ ਖੁਸ਼ਹਾਲ ਬਣਾ ਸਕਦੇ ਹਨ।
78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵਿਕਸਿਤ ਭਾਰਤ 2047’ ਸਿਰਫ਼ ਇਕ ਭਾਸ਼ਣ ਦੇ ਸ਼ਬਦ ਨਹੀਂ ਹਨ, ਬਲਕਿ ਇਸਦੇ ਪਿੱਛੇ ਕੜੀ ਮਿਹਨਤ ਜਾਰੀ ਹੈ। ਸੁਤੰਤਰਤਾ ਦਿਵਸ ’ਤੇ ਆਪਣੇ ਤੀਜੇ ਕਾਰਜਕਾਰਲ ਦੇ ਪਹਿਲੇ ਸੰਬੋਧਨ ਤੋਂ ਬਾਅਦ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਮਨਮੋਹਨ ਸਿੰਘ ਨੇ 2004 ਤੋਂ 2014 ਦੌਰਾਨ ਕਿਲ੍ਹੇ ਤੋਂ 10 ਵਾਰ ਝੰਡਾ ਲਹਿਰਾਇਆ ਸੀ।
ਆਜ਼ਾਦੀ ਅੰਦੋਲਨ ਵਿਚ ਆਪਣਾ ਸਭ ਕੁੱਝ ਦੇਸ਼ ਦੇ ਨਾਮ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਵਿੱਚ ਰਹਿਣ ਦਾ ਸੁਭਾਗ ਦਿੱਤਾ ਹੈ, ਇਹ ਦੇਸ਼ ਹਮੇਸ਼ਾ ਉਨ੍ਹਾਂ ਦਾ ਅਹਿਸਾਨਮੰਦ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਤਾਂ ਅਸੀਂ 140 ਹਾਂ, ਜੇ 40 ਕਰੋੜ ਦੇਸ਼ ਵਾਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਸਕਦੇ ਹਨ, ਆਜ਼ਾਦੀ ਲੈ ਕੇ ਦਿਖਾ ਸਕਦੇ ਹਨ ਤਾਂ ਜੇ ਮੇਰੇ 140 ਕਰੋੜ ਪਰਿਵਾਰਵਾਸੀ ਇਕ ਦਿਸ਼ਾ ਵੱਲ ਕਦਮ ਨਾਲ ਕਦਮ ਅਤੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਤਾਂ ਚੁਣੌਤੀਆਂ ਕਿੰਨੀਆਂ ਵੀ ਹੋਣ ਅਤੇ ਸੰਕਟ ਕਿੰਨਾ ਵੀ ਤੇਜ਼ ਕਿਉਂ ਨਾਲ ਹੋਵੇ ਅਸੀਂ ਹਰ ਚੁਣੌਤੀ ਨੂੰ ਪਾਰ ਕਰ ਭਾਰਤ ਨੂੰ ਖੁਸ਼ਹਾਲ ਭਾਰਤ ਬਣਾ ਸਕਦੇ ਹਾਂ।
ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਘਾਟ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਲਾਲ ਕਿਲ੍ਹੇ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸੰਜੇ ਸੇਠ ਅਤੇ ਰੱਖਿਆ ਸਕੱਤਰ ਗਿਰਿਧਰ ਅਰਮਾਨੇ ਨੇ ਸਵਾਗਤ ਕੀਤਾ। ਪੀਟੀਆਈ