ਭਰੂਚ, 12 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਿਸੇ ਵੀ ਸਰਕਾਰੀ ਯੋਜਨਾ ਦਾ ਜਦੋਂ ਸੌ ਫੀਸਦ ਟੀਚਾ ਹਾਸਲ ਕਰ ਲਿਆ ਜਾਂਦਾ ਹੈ ਤਾਂ ਇਸ ਨਾਲ ਨਾ ਸਿਰਫ਼ ਭੇਦਭਾਵ ਦੀ ਗੁੰਜਾਇਸ਼ ਖਤਮ ਹੁੰਦੀ ਹੈ ਬਲਕਿ ਲੋਕਾਂ ਨੂੰ ਭਰਮਾਉਣ ਦੀ ਸਿਆਸਤ ਵੀ ਖਤਮ ਹੁੰਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਲਈ ਕੋਈ ਵੀ ਥਾਂ ਨਹੀਂ ਬਚਦੀ। ਪ੍ਰਧਾਨ ਮੰਤਰੀ ਇੱਥੇ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਹ ਸਮਾਗਮ ਭਰੂਚ ਜ਼ਿਲ੍ਹੇ ’ਚ ਰਾਜ ਸਰਕਾਰ ਦੀਆਂ ਚਾਰ ਪ੍ਰਮੁੱਖ ਸਰਕਾਰੀ ਯੋਜਨਾਵਾਂ ਦਾ ਸੌ ਫੀਸਦ ਟੀਚਾ ਹਾਸਲ ਕਰਨ ਮੌਕੇ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਣਕਾਰੀ ਦੀ ਘਾਟ ਕਾਰਨ ਕਦੀ-ਕਦੀ ਤਾਂ ਯੋਜਨਾਵਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ ਤੇ ਕਈ ਵਾਰ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਬੇਈਮਾਨ ਲੋਕ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਲਾਭਪਾਤਰੀ ਤੱਕ ਪਹੁੰਚਣ ਦੀ ਪ੍ਰਕਿਰਿਆ ਬਹੁਤ ਮੁਸ਼ਕਿਲ ਸੀ ਪਰ ਲੋਕਾਂ ਦੀ ਸੇਵਾ ਦਾ ਇਹੀ ਇੱਕ ਰਾਹ ਸੀ।
ਉਨ੍ਹਾਂ ਕਿਹਾ, ‘ਜਦੋਂ ਅਸੀਂ ਕਿਸੇ ਵੀ ਯੋਜਨਾ ’ਚ ਸੌ ਫੀਸਦ ਟੀਚਾ ਹਾਸਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸ਼ਾਸਨ ਤੇ ਪ੍ਰਸ਼ਾਸਨ ਸੰਵੇਦਨਸ਼ੀਲ ਹੈ। ਜਦੋਂ ਸਰਕਾਰੀ ਯੋਜਨਾਵਾਂ ਦਾ ਸੌ ਫੀਸਦ ਲਾਭ ਮਿਲਦਾ ਹੈ ਤਾਂ ਕਿਸੇ ਤਰ੍ਹਾਂ ਦੀ ਸਿਫਾਰਸ਼ ਦੀ ਲੋੜ ਨਹੀਂ ਰਹਿੰਦੀ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਪਿਛਲੇ ਅੱਠ ਸਾਲਾਂ ਦੌਰਾਨ ਹਰ ਯੋਗ ਲਾਭਪਾਤਰੀ ਨੂੰ ਲੋਕ ਭਲਾਈ ਯੋਜਨਾਵਾਂ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2014 ’ਚ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਦੀ ਸਰਕਾਰ ਬਣੀ ਸੀ ਤਾਂ ਦੇਸ਼ ਦੀ ਤਕਰੀਬਨ ਅੱਧੀ ਆਬਾਦੀ ਪਖਾਨਿਆਂ, ਬਿਜਲੀ, ਬੈਂਕ ਖਾਤਿਆਂ ਤੇ ਟੀਕਾਕਰਨ ਦੀ ਸਹੂਲਤ ਤੋਂ ਵਾਂਝੀ ਸੀ। ਉਨ੍ਹਾਂ ਕਿਹਾ ਕਿ ਅੱਠ ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਕਈ ਲੋਕ ਭਲਾਈ ਯੋਜਨਾਵਾਂ ਦਾ ਸੌ ਫੀਸਦ ਲਾਭ ਪਹੁੰਚਾਉਣ ’ਚ ਕਾਮਯਾਬ ਹੋਈ ਹੈ। -ਪੀਟੀਆਈ
ਬੁੱਧ ਪੂਰਨਿਮਾ ਮੌਕੇ 16 ਨੂੰ ਨੇਪਾਲ ਜਾਣਗੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਬੁੱਧ ਪੂਰਨਿਮਾ ਮੌਕੇ ਨੇਪਾਲ ਦੇ ਲੁੰਬਿਨੀ ਜਾਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਦੇ ਸੱਦੇ ’ਤੇ ਲੁੰਬਿਨੀ ਜਾਣਗੇ। ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪੰਜਵੀਂ ਨੇਪਾਲ ਯਾਤਰਾ ਹੋਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਲੁੰਬਿਨੀ ’ਚ ਮਾਇਆਦੇਵੀ ਦੇ ਮੰਦਰ ’ਚ ਪੂਜਾ ਕਰਨਗੇ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਡਬਲਿਊਐੱਚਓ ’ਚ ਸੁਧਾਰਾਂ ਦਾ ਸੱਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ’ਚ ਸੁਧਾਰਾਂ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੋਵਿਡ-19 ਬਾਰੇ ਦੂਜੇ ਆਲਮੀ ਆਨਲਾਈਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਬਲਿਊਐੱਚਓ ਦੇ ਨਿਯਮਾਂ ਨੂੰ ਨਰਮ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ਹੇਠ ਹੋਏ ਇਸ ਸੰਮੇਲਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਸਪਲਾਈ ਚੇਨ ਤੇ ਟੀਕਿਆਂ ਤੇ ਦਵਾਈਆਂ ਦੀ ਸੌਖੀ ਉਪਲੱਭਧਤਾ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਰੋਨਾ ਦੀ ਰੋਕਥਾਮ ਲਈ ਚਲਾਇਆ ਗਿਆ ਟੀਕਾਕਰਨ ਪ੍ਰੋਗਰਾਮ ਦੁਨੀਆਂ ਦੀ ਸਭ ਤੋਂ ਵੱਡੀ ਮੁਹਿੰਮ ਹੈ। -ਪੀਟੀਆਈ