ਨਵੀਂ ਦਿੱਲੀ, 27 ਅਪਰੈਲ
ਜ਼ਿਲ੍ਹਾ ਅਦਾਲਤ ਦੇ ਜੱਜ ਕਾਮਰਾਨ ਖਾਨ ਹਫ਼ਤਾ ਵੈਂਟੀਲੇਟਰ ’ਤੇ ਰਹਿਣ ਮਗਰੋਂ ਸੋਮਵਾਰ ਦੇਰ ਰਾਤ ਕਰੋਨਾ ਕਾਰਨ ਦਮ ਤੋੜ ਗਏ। ਉਹ ਦਵਾਰਕਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਮੈਟਰੋਪਾਲਿਟਨ ਮੈਜਿਸਟਰੇਟ ਦੇ ਅਹੁਦੇ ’ਤੇ ਤਾਇਨਾਤ ਸਨ। ਦਵਾਰਕਾ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਾਈਪੀ ਸਿੰਘ ਅਨੁਸਾਰ ਜੱਜ ਨੂੰ ਦਸ ਦਿਨ ਪਹਿਲਾਂ ਵੈਂਕਟੇਸ਼ਵਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਜਾਣ ’ਤੇ ਵੈਂਟੀਲੇਟਰ ’ਤੇ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਅਣਵਿਆਹਿਆ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸੇ ਦੌਰਾਨ ਇੱਥੇ 2020 ਦੇ ਦਿੱਲੀ ਦੰਗਿਆਂ ਨਾਲ ਸਬੰਧਤ ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੇ ਕੇਸਾਂ ਦੀ ਸੁਣਵਾਈ ਕਰ ਰਹੇ ਇਕ ਜੱਜ ਨੂੰ ਅੱਜ ਕਰੋਨਾ ਪਾਜ਼ੇਟਿਵ ਆਉਣ ’ਤੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵਧੀਕ ਸੈਸ਼ਨ ਜੱਜ ਅਮਿਤਾਬ ਰਾਵਤ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਲਿਜਾਇਆ ਗਿਆ ਸੀ ਅਤੇ ਹਸਪਤਾਲਾਂ ਵਿੱਚ ਕੋਵਿਡ-19 ਦਾ ਬੈੱਡ ਲੱਭਣ ਵਿੱਚ ਉਸ ਨੂੰ ਤਿੰਨ ਦਿਨ ਲੱਗੇ ਸਨ। ਇੱਕ ਸੂਤਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਜਨਰਲ ਕੋਵਿਡ-19 ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਬਾਅਦ ਵਿਚ ਉਸ ਦਾ ਆਕਸੀਜਨ ਪੱਧਰ ਘਟਣ ਤੋਂ ਬਾਅਦ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖ਼ਲ ਕਰਵਾਇਆ ਗਿਆ। ਅਦਾਲਤ ਦੇ ਇੱਕ ਹੋਰ ਸਟਾਫ ਮੈਂਬਰ ਨੇ ਦੱਸਿਆ ਕਿ ਕੜਕੜਡੂਮਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਤਾਇਨਾਤ ਜੱਜ ਦੀ ਸਿਹਤ ਹੁਣ ਸਥਿਰ ਹੈ ਅਤੇ ਠੀਕ ਹੋ ਰਹੀ ਹੈ। ਉਸ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਵੀ ਕਰੋਨਾ ਪਾਜ਼ੇਟਿਵ ਹਨ। -ਪੀਟੀਆਈ