ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਾਰਚ
ਪੁਲੀਸ ਨੇ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਵਿੱਚ 1.1 ਕਰੋੜ ਰੁਪਏ ਦੀ ਲੁੱਟ ਦੇ ਦੋਸ਼ ਵਿੱਚ ਪੰਜ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਇਕ ਕਾਰੋਬਾਰੀ ਦੇ ਦੋ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਸੀ। ਲੁੱਟ ਮਗਰੋਂ ਉਨ੍ਹਾਂ ਆਪਣੀ ਕਿਸਮਤ ਹੋਰ ਚਮਕਾਉਣ ਅਤੇ ਦਯਾ ਭਾਵਨਾ ਦਿਖਾਉਂਦੇ ਹੋਏ ਮੰਦਰ ਨੂੰ ਇੱਕ ਲੱਖ ਰੁਪਏ ਦਾਨ ਵੀ ਕੀਤੇ ਸਨ। ਚਾਂਦਨੀ ਚੌਕ ਮਾਰਕਿਟ ਨੇੜੇ ਨਵੇਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਹਫ਼ਤੇ ਬਾਅਦ ਲੁਟੇਰਿਆਂ ਦੀ ਪਛਾਣ ਕੀਤੀ ਗਈ। ਰੋਹਿਣੀ ਸਥਿਤ ਇਕ ਕਾਰੋਬਾਰੀ ਦੇ ਦੋ ਕਰਮਚਾਰੀਆਂ ਨੇ 3 ਮਾਰਚ ਨੂੰ ਚਾਂਦਨੀ ਚੌਕ ਵਿਚ ਇਕ ਜਿਊਲਰ ਤੋਂ 1.1 ਕਰੋੜ ਰੁਪਏ ਇਕੱਠੇ ਕੀਤੇ ਸਨ। ਜਦੋਂ ਉਹ ਸਕੂਟਰ ’ਤੇ ਵਾਪਸ ਆ ਰਹੇ ਸਨ ਤਾਂ ਬਾਈਕ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਪਿਸਤੌਲ ਤਾਣ ਕੇ ਉਨ੍ਹਾਂ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਸੀ। ਪੈਸਿਆਂ ਦੀ ਜਾਣਕਾਰੀ ਇੱਕ ਮੁਲਜ਼ਮ ਨੇ ਦਿੱਤੀ ਸੀ ਜੋ ਪਹਿਲਾਂ ਜਿਊਲਰ ਕੋਲ ਕੰਮ ਕਰਦਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨੇ ਖਾਟੂ ਸ਼ਿਆਮ ਮੰਦਰ ’ਚ 1 ਲੱਖ ਰੁਪਏ ਦਾਨ ਕੀਤੇ ਸਨ। ਪੁਲੀਸ ਨੇ ਲੁਟੇਰਿਆਂ ਦਾ ਪਤਾ ਲਾਉਣ ਲਈ ਚਾਂਦਨੀ ਚੌਕ ਮਾਰਕਿਟ ਵਿੱਚ ਲਗਾਏ ਗਏ ਸਾਰੇ ਸੀਸੀਟੀਵੀਜ਼ ਨੂੰ ਸਕੈਨ ਕੀਤਾ ਸੀ ਅਤੇ ਫੁਟੇਜ ਤੋਂ ਉਨ੍ਹਾਂ ਦੀ ਪਛਾਣ ਕੀਤੀ ਗਈ। ਡੀਸੀਪੀ (ਉੱਤਰੀ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਲੁਟੇਰਿਆਂ ਨੂੰ ਯਮੁਨਾ ਪਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ ਲੁੱਟੀ ਗਈ 1 ਕਰੋੜ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ।