ਅਦਿਤੀ ਟੰਡਨ
ਟ੍ਰਿਬਿਊਨ ਨਿਉਜ਼ ਸਰਵਿਸ
ਨਵੀਂ ਦਿੱਲੀ, 6 ਮਈ
ਕੇਂਦਰੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਮੁਹਿੰਮ ਸਬੰਧੀ ਅੱਜ ਇਥੇ ਕੀਤੀ ਗਈ ਰੀਵਿਊ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਕਿ ਦੇਸ਼ ਵਿੱਚ 45 ਵਰ੍ਹਿਆਂ ਤੋਂ ਵੱਡੇਰੀ ਉਮਰ ਦੇ ਇਕ-ਤਿਹਾਈ ਲੋਕਾਂ ਨੇ ਕਰੋਨਾ ਟੀਕਾਕਰਨ ਦਾ ਪਹਿਲਾ ਡੋਜ਼ ਲਗਵਾ ਲਿਆ ਹੈ। ਇਸੇ ਦੌਰਾਨ ਸ੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਸੂਬਿਆਂ ਵਿੱਚ ਕਰੋਨਾ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਸਥਾਨਕ ਪੱਧਰ ’ਤੇ ਜਲਦ ਲੌਕਡਾਊਨ ਲਗਾਉਣ ਤਾਂ ਕਿ ਕਰੋਨਾ ਦੀ ਲੜੀ ਨੂੰ ਤੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਦੇਸ਼ ਦੇ 12 ਸੂਬਿਆਂ — ਹਰਿਆਣਾ, ਮਹਾਰਾਸ਼ਟਰ, ਕੇਰਲਾ, ਯੂਪੀ, ਰਾਜਸਥਾਨ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲ ਨਾਡੂ, ਛੱਤਿਸਗੜ੍ਹ, ਪੱਛਮੀ ਬੰਗਾਲ ਤੇ ਬਿਹਾਰ ਵਿੱਚ ਕਰੋਨਾ ਦੇ ਇਕ-ਇਕ ਲੱਖ ਤੋਂ ਵੱਧ ਮਰੀਜ਼ ਹਨ ਤੇ ਇਨ੍ਹਾਂ ਸੂਬਿਆਂ ਦੇ ਮੈਡੀਕਲ ਢਾਂਚੇ ’ਤੇ ਵਾਧੂ ਬੋਝ ਪਿਆ ਹੋਇਆ ਹੈ।