ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੂੰ ਠੱਲ੍ਹਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਚੂਨ ਅਤੇ ਥੋਕ ਵਪਾਰੀਆਂ ’ਤੇ 31 ਦਸੰਬਰ ਤੱਕ ਸਟਾਕ ਸੀਮਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਲੀਲਾ ਨੰਦਨ ਨੇ ਕਿਹਾ ਨੇ ਕਿਹਾ ਕਿ ਪ੍ਰਚੂਨ ਵਪਾਰੀ ਹੁਣ ਸਿਰਫ਼ 2 ਟਨ ਜਦਕਿ ਥੋਕ ਵਪਾਰੀ 25 ਟਨ ਪਿਆਜ਼ ਸਟਾਕ ਰੱਖ ਸਕਣਗੇ। ਉਨ੍ਹਾਂ ਕਿਹਾ ਕਿ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੂੰ ਜ਼ਰੂਰੀ ਵਸਤਾਂ (ਸੋਧ) ਕਾਨੂੰਨ ਲਾਗੂੁ ਕਰਨਾ ਪਿਆ ਹੈ, ਜੋ ਕਿ ਪਿਛਲੇ ਮਹੀਨੇ ਹੀ ਸੰਸਦ ਵਿੱਚ ਪਾਸ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਭੰਡਾਰ ’ਚੋਂ ਪਿਆਜ਼ ਖ਼ਰੀਦਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਲੋਕਾਂ ਨੂੰ ਅੱਗੇ ਸਸਤੇ ਭਾਅ ਪਿਆਜ਼ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਾਸਿਕ (ਮਹਾਰਾਸ਼ਟਰ) ਵਿੱਚ ਸਟੋਰ ਤੋਂ ਪਿਆਜ਼ ਲੈਣ ਵਾਲੇ ਸੂਬਿਆਂ ਨੂੰ 26 ਤੋਂ 28 ਰੁਪਏ ਪ੍ਰਤੀ ਕਿੱਲੋ ਕੀਮਤ ’ਤੇ ਪਿਆਜ਼ ਮਿਲੇਗਾ ਜਦਕਿ ਜਿਹੜੇ ਸੂਬੇ ਇਸ ਦੀ ਡਿਲਿਵਰੀ ਚਾਹੁੰਦੇ ਹਨ, ਲਈ ਇਹ ਕੀਮਤ 30 ਰੁਪਏ ਪ੍ਰਤੀ ਕਿੱਲੋ ਹੋਵੇਗੀ।
-ਪੀਟੀਆਈ