ਨਵੀਂ ਦਿੱਲੀ, 1 ਜਨਵਰੀ
ਭੋਜਨ ਡਿਲਿਵਰੀ ਕੰਪਨੀਆਂ ‘ਸਵਿੱਗੀ’ ਤੇ ‘ਜ਼ੋਮਾਟੋ’ ਅੱਜ ਤੋਂ (ਪਹਿਲੀ ਜਨਵਰੀ) ਪੰਜ ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਵਸੂਲਣਗੀਆਂ ਤੇ ਅੱਗੇ ਜਮ੍ਹਾਂ ਕਰਾਉਣਗੀਆਂ। ਇਸ ਨਾਲ ਟੈਕਸ ਦਾਇਰੇ ਦਾ ਵਿਸਤਾਰ ਹੋ ਗਿਆ ਹੈ ਤੇ ਆਨਲਾਈਨ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਜੋ ਅਜੇ ਤੱਕ ਜੀਐੱਸਟੀ ਦੇ ਘੇਰੇ ’ਚੋਂ ਬਾਹਰ ਸਨ, ਨੂੰ ਜੀਐੱਸਟੀ ਲੈਣਾ ਪਏਗਾ। ਵਰਤਮਾਨ ’ਚ ਜਿਹੜੇ ਰੈਸਤਰਾਂ ਜੀਐੱਸਟੀ ਤਹਿਤ ਰਜਿਸਟਰ ਹਨ, ਟੈਕਸ ਇਕੱਠਾ ਕਰ ਕੇ ਜਮ੍ਹਾਂ ਕਰਵਾ ਰਹੇ ਹਨ। ‘ਊਬਰ’ ਤੇ ‘ਓਲਾ’ ਵਰਗੀਆਂ ਕੈਬ ਸੇਵਾਵਾਂ ਵੀ ਦੁਪਹੀਆ ਤੇ ਥ੍ਰੀ-ਵ੍ਹੀਲਰ ਬੁੱਕ ਹੋਣ ’ਤੇ ਪੰਜ ਪ੍ਰਤੀਸ਼ਤ ਜੀਐੱਸਟੀ ਵਸੂਲਣਗੀਆਂ। ਜੁੱਤੀਆਂ ’ਤੇ ਵੀ 12 ਪ੍ਰਤੀਸ਼ਤ ਟੈਕਸ ਲੱਗੇਗਾ ਭਾਵੇਂ ਕੀਮਤ ਕਿੰਨੀ ਵੀ ਹੋਵੇ। ਜੀਐੱਸਟੀ ਵਿਚ ਇਹ ਸਾਰੇ ਬਦਲਾਅ ਨਵੇਂ ਸਾਲ ਤੋਂ ਲਾਗੂ ਹੋ ਗਏ ਹਨ। ਟੈਕਸ ਚੋਰੀ ’ਤੇ ਲਗਾਮ ਕੱਸਣ ਲਈ ਜੀਐੱਸਟੀ ਕਾਨੂੰਨ ’ਚ ਵੀ ਸੋਧ ਕੀਤੀ ਗਈ ਹੈ। ਇਨਪੁਟ ਟੈਕਸ ਕਰੈਡਿਟ ਹੁਣ ਉਸ ਵੇਲੇ ਇਕੋ ਵਾਰ ਉਪਲਬਧ ਹੋਵੇਗਾ ਜਦ ਕਰੈਡਿਟ ਕਰਦਾਤਾ ਦੀ ਜੀਐੱਸਟੀਆਰ 2ਬੀ ’ਚ ਨਜ਼ਰ ਆਵੇਗਾ। ਪੰਜ ਪ੍ਰਤੀਸ਼ਤ ਪ੍ਰੋਵੀਜ਼ਨਲ ਕਰੈਡਿਟ ਜੋ ਕਿ ਪਹਿਲਾਂ ਜੀਐੱਸਟੀ ਨਿਯਮਾਂ ’ਚ ਸ਼ਾਮਲ ਸੀ, ਪਹਿਲੀ ਜਨਵਰੀ 2022 ਤੋਂ ਪ੍ਰਵਾਨ ਨਹੀਂ ਹੋਵੇਗਾ। -ਪੀਟੀਆਈ
ਦਸੰਬਰ ’ਚ ਜੀਐੱਸਟੀ ਮਾਲੀਆ 1.29 ਲੱਖ ਕਰੋੜ ਰਿਹਾ
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਦਸੰਬਰ, 2021 ਵਿਚ ਜੀਐੱਸਟੀ ਮਾਲੀਆ ਵਧਿਆ ਹੈ। ਮੰਤਰਾਲੇ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ’ਚ ਵਾਧੇ ਤੇ ਟੈਕਸ ਚੋਰੀ ਖ਼ਿਲਾਫ਼ ਚੁੱਕੇ ਗਏ ਕਦਮਾਂ ਬਦੌਲਤ 1.29 ਲੱਖ ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਹੈ। ਹਾਲਾਂਕਿ ਇਹ ਨਵੰਬਰ ਨਾਲੋਂ ਘੱਟ ਹੈ (1.31 ਲੱਖ ਕਰੋੜ)। ਦਸੰਬਰ ਲਗਾਤਾਰ ਛੇਵਾਂ ਮਹੀਨਾ ਹੈ ਜਦ ਵਸਤਾਂ ਤੇ ਸੇਵਾਵਾਂ ਉਤੇ ਲਾਏ ਗਏ ਟੈਕਸ ਦੇ ਰੂਪ ਵਿਚ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਹੋਇਆ ਹੈ।
ਹਾਰ ਦੇ ਡਰੋਂ ਸਰਕਾਰ ਨੇ ਕੱਪੜਿਆਂ ’ਤੇ ਟੈਕਸ ਨਹੀਂ ਲਾਇਆ: ਕਾਂਗਰਸ
ਅਹਿਮਦਾਬਾਦ: ਕਾਂਗਰਸ ਨੇ ਅੱਜ ਕਿਹਾ ਕਿ ਆਗਾਮੀ ਚੋਣਾਂ ਵਿਚ ਹਾਰ ਦੇ ਡਰ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਨੇ ਕੱਪੜਿਆਂ ਉਤੇ ਜੀਐੱਸਟੀ ਵਿਚ ਵਾਧਾ ਮੁਲਤਵੀ ਕਰ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪੰਜ ਰਾਜਾਂ ਵਿਚ ਚੋਣਾਂ ਤੋਂ ਬਾਅਦ ਗੁਜਰਾਤ ਵਿਚ ਵੀ ਚੋਣਾਂ ਹੋਣੀਆਂ ਹਨ ਜੋ ਕਿ ਟੈਕਸਟਾਈਲ ਸਨਅਤ ਦਾ ਧੁਰਾ ਹੈ। ਖੇੜਾ ਨੇ ਕਿਹਾ ਕਿ ਮਹਿੰਗਾਈ ਦੇ ਮੌਜੂਦਾ ਦੌਰ ਵਿਚ ਸਰਕਾਰ ਨੇ ਲੋਕਾਂ ਨੂੰ ਕਈ ਚੀਜ਼ਾਂ ਦੀ ਸੂਚੀ ਫੜਾ ਦਿੱਤੀ ਹੈ ਜੋ ਕਿ ਨਵੇਂ ਸਾਲ ਵਿਚ ਮਹਿੰਗੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਮਹਿੰਗੀਆਂ ਕਰਨ ਤੋਂ ਚੋਣਾਂ ਵਿਚ ਹਾਰ ਦੇ ਕੇ ਹੀ ਰੋਕਿਆ ਜਾ ਸਕਦਾ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨਵੇਂ ਸਾਲ ’ਚ ਲੋਕਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਨਾ ਕਿ ਪ੍ਰਚਾਰ ਉਤੇ।