ਨਵੀਂ ਦਿੱਲੀ, 28 ਅਕਤੂਬਰ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਅਤੇ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਅੱਜ ਐਲਾਨ ਕੀਤਾ ਹੈ ਕਿ ਵਿਦੇਸ਼ੀ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ‘ਐਡਟੈੱਕ’ ਕੰਪਨੀਆਂ ਵੱਲੋਂ ਪੇਸ਼ ਆਨਲਾਈਨ ਪੀਐੱਚਡੀ ਪ੍ਰੋਗਰਾਮਾਂ ਨੂੰ ਮਾਨਤਾ ਨਹੀਂ ਹੈ। ਯੂਜੀਸੀ ਅਤੇ ਏਆਈਸੀਟੀਸੀ ਨੇ ਵਿਦਿਆਰਥੀਆਂ ਲਈ ਇਸ ਸਾਲ ’ਚ ਦੂਜੀ ਵਾਰ ਅਜਿਹੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਸਾਲ ਦੀ ਸ਼ੁਰੂਆਤ ’ਚ ਯੂਜੀਸੀ ਅਤੇ ਏਆਈਸੀਟੀਆਈ ਨੇ ਆਪਣੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੇ ਸੰਸਥਾਵਾਂ ਨੂੰ ਐਡ-ਟੈੱਕ ਕੰਪਨੀਆਂ ਦੇ ਸਹਿਯੋਗ ਨਾਲ ਪੱਤਰ-ਵਿਹਾਰ ਸਿੱਖਿਆ ਅਤੇ ਆਨਲਾਈਨ ਪ੍ਰੋਗਰਾਮਾਂ ਦੀ ਪੇਸ਼ਕਸ਼ ਪ੍ਰਤੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਪੈਮਾਨਿਆਂ ਅਨੁਸਾਰ, ‘ਕੋਈ ਫਰੈਂਚਾਇਜ਼ੀ ਸਮਝੌਤਾ ਸਵੀਕਾਰ ਨਹੀਂ ਹੈ।’ ਯੂਜੀਸੀ ਅਤੇ ਏਆਈਸੀਟੀਆਈ ਵੱਲੋਂ ਜਾਰੀ ਸਾਂਝੇ ਬਿਆਨ ਅਨੁਸਾਰ, ‘ਪੀਐੱਚਡੀ ਡਿਗਰੀ ਦੇਣ ਦੇ ਪੈਮਾਨੇ ਬਣਾਈ ਰੱਖਣ ਲਈ ਯੂਜੀਸੀ ਨੇ ਯੂਜੀਸੀ (ਐੱਮਫਿਲ, ਪੀਐੱਚਡੀ ਡਿਗਰੀ ਦੇਣ ਲਈ ਘੱਟੋ-ਘੱਟ ਮਾਪ-ਦੰਡ ਤੇ ਪ੍ਰਕਿਰਿਆ) ਰੈਗੂਲੇਸ਼ਨ 2016 ਨੋਟੀਫਾਈ ਕੀਤਾ ਹੈ। ਪੀਐੱਚਡੀ ਡਿਗਰੀ ਦੇਣ ਲਈ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈ) ਲਈ ਯੂਜੀਸੀ ਵੱਲੋਂ ਜਾਰੀ ਨਿਯਮਾਂ ਤੇ ਇਸ ਦੀਆਂ ਸੋਧਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।’ ਹੁਕਮਾਂ ਅਨੁਸਾਰ, ‘ਆਨਲਾਈਨ ਪੀਐੱਚਡੀ ਪ੍ਰੋਗਰਾਮ ਯੂਜੀਸੀ ਵੱਲੋਂ ਮਾਨਤਾ ਪ੍ਰਾਪਤ ਹੈ। ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਦਾਖਲਾ ਲੈਣ ਤੋਂ ਪਹਿਲਾਂ ਯੂਜੀਸੀ ਰੈਗੁਲੇਸ਼ਨ 2016 ਅਨੁਸਾਰ ਪੀਐੱਚਡੀ ਪ੍ਰੋਗਰਾਮਾਂ ਦੀ ਪ੍ਰਾਮਣਿਕਤਾ ਦੀ ਪੜਤਾਲ ਕਰਨ।’ ਇਸ ਤੋਂ ਪਹਿਲਾਂ ਸਰਕਾਰ ਨੇ ਜੁਲਾਈ ’ਚ ਐਡਟੈੱਕ ਕੰਪਨੀਆਂ ਨੂੰ ਗ਼ੈਰਕਾਨੂੰਨੀ ਵਪਾਰਕ ਵਿਹਾਰ ਪ੍ਰਤੀ ਚੌਕਸ ਕੀਤਾ ਸੀ। ਸਰਕਾਰ ਦੇਸ਼ ਵਿਚਲੀਆਂ ਐਡਟੈੱਕ ਕੰਪਨੀਆਂ ਨੂੰ ਨਿਯਮਾਂ ਅਧੀਨ ਲਿਆਉਣ ਦੀ ਨੀਤੀ ਬਣਾਉਣ ਲਈ ਕੰਮ ਕਰ ਰਹੀ ਹੈ। -ਪੀਟੀਆਈ