ਨਵੀਂ ਦਿੱਲੀ, 19 ਅਗਸਤ
ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੀਬੀਆਈ ਨੂੰ ਛਾਪਿਆਂ ਦੌਰਾਨ ਦਿੱਲੀ ਦੇ ਸਿੱਖਿਆ ਮੰਤਰੀ ਦੀ ਰਿਹਾਇਸ਼ ਤੋਂ ਸਿਰਫ਼ ਚਾਰ ਪੈਂਸਿਲਾਂ, ਕੁਝ ਕਾਪੀਆਂ ਤੇ ਜੁਮੈਂਟਰੀ ਬਾਕਸ ਹੀ ਮਿਲੇਗਾ। ਉਨ੍ਹਾਂ ਸੀਬੀਆਈ ਛਾਪੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੂੰ ਬੀਤੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਮਹਿਜ਼ ‘ਚਾਰ ਗੁਲੂਬੰਦ’ ਮਿਲੇ ਸਨ। ਉਨ੍ਹਾਂ ਕਿਹਾ, ‘‘ਹੁਣ ਮਨੀਸ਼ ਸਿਸੋਦੀਆ ਦੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਉਨ੍ਹਾਂ (ਸੀਬੀਆਈ) ਨੂੰ ਚਾਰ ਪੈਂਸਿਲਾਂ, ਕਾਪੀਆਂ ਤੇ ਜੁਮੈਟਰੀ ਬਾਕਸ ਹੀ ਮਿਲਣਗੇ।’’ ਚੱਢਾ ਨੇ ਕਿਹਾ ਕਿ ਸਿਸੋਦੀਆ ਉਨ੍ਹਾਂ ਖਿਲਾਫ਼ ਲੱਗੇ ਦੋਸ਼ਾਂ ਤੋਂ ਸਾਫ਼ ਹੋ ਕੇ ਨਿਕਲਣਗੇ, ਕਿਉਂਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਪਹਿਲਾਂ ਵੀ ਕਿਸੇ ਹੋਰ ਮਾਮਲੇ ਵਿਚ ਸਿਸੋਦੀਆ ਦੀ ਰਿਹਾਇਸ਼ ’ਤੇ ਛਾਪੇ ਮਾਰੇ ਸਨ, ਪਰ ਦੋਸ਼ ਸਾਬਤ ਕਰਦਾ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਕੋਰਟ ਵਿੱਚ ਸਾਰੇ ਕੇਸ ਮੂਧੇ ਮੂੰਹ ਡਿੱਗੇ ਤੇ ਸੱਚਾਈ ਦੀ ਜਿੱਤ ਹੋਈ। ਸਿਸੋਦੀਆ ਜੇਤੂ ਬਣ ਦੇ ਨਿਕਲੇ, ਕਿਉਂਕਿ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।’’ ਸੰਸਦ ਮੈਂਬਰ ਨੇ ਕਿਹਾ ਭਾਜਪਾ ਦੇ ਕਹਿਣ ’ਤੇ 100 ‘ਆਪ’ ਆਗੂਆਂ ਖਿਲਾਫ਼ ‘ਫ਼ਰਜ਼ੀ ਕੇਸ’ ਦਰਜ ਕੀਤੇ ਗਏ, ਪਰ ਜਾਂਚ ਏਜੰਸੀਆਂ ਨੂੰ ਕੋਰਟ ਦੀ ਨਾਰਾਜ਼ਗੀ ਝੱਲਣੀ ਪਈ ਤੇ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। -ਪੀਟੀਆਈ