ਨਵੀਂ ਦਿੱਲੀ, 11 ਅਕਤੂਬਰ
ਰੇਲ ਮੰਤਰਾਲੇ ਵੱਲੋਂ ਨੇੜ ਭਵਿੱਖ ਵਿੱਚ ਰੇਲਵੇ ਦੇ ਤਾਣੇ-ਬਾਣੇ ਨੂੰ ਅਪਗ੍ਰੇਡ ਕਰਨ ਦੀਆਂ ਯੋਜਨਾਵਾਂ ਤਹਿਤ ਲਏ ਫੈਸਲੇ ਮੁਤਾਬਕ ਸ਼ਨਾਖਤੀ ਰੂਟਾਂ ’ਤੇ 130 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਵਿੱਚ ਸਿਰਫ਼ ਏਅਰ-ਕੰਡੀਸ਼ਨਡ ਕੋਚ ਹੀ ਹੋਣਗੇ। ਮੰਤਰਾਲੇ ਦੇ ਤਰਜਮਾਨ ਡੀ.ਜੇ.ਨਰਾਇਣ ਨੇ ਕਿਹਾ ਕਿ ਏਸੀ ਕੋਚਾਂ ਦੇ ਬਾਵਜੂਦ ਅਜਿਹੀਆਂ ਰੇਲਗੱਡੀਆਂ ਦਾ ਟਿਕਟ ਭਾੜਾ ਸਾਰਿਆਂ ਨੂੰ ਪੁੱਗਣ ਵਾਲਾ ਹੋਵੇਗਾ। ਉਪਰੋਕਤ ਦਾ ਇਹ ਅਰਥ ਬਿਲਕੁਲ ਵੀ ਨਾ ਕੱਢਿਆ ਜਾਵੇ ਕਿ ‘ਸਾਰੀਆਂ ਨਾਨ-ਏਸੀ ਕੋਚਾਂ ਨੂੰ ਏਸੀ ਕੋਚਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।’ ਮੌਜੂਦਾ ਸਮੇਂ ਜ਼ਿਆਦਾਤਰ ਰੂਟਾਂ ’ਤੇ ਚੱਲਣ ਵਾਲੀਆਂ ਮੇਲ/ਐਕਸਪ੍ਰੈੱਸ ਰੇਲਗੱਡੀਆਂ ਦੀ ਉਪਰਲੀ ਰਫ਼ਤਾਰ ਹੱਦ 110 ਕਿਲੋਮੀਟਰ ਪ੍ਰਤੀ ਘੰਟਾ ਜਾਂ ਘੱਟ ਹੁੰਦੀ ਹੈ। ਰਾਜਧਾਨੀ, ਸ਼ਤਾਬਦੀ ਤੇ ਦੂਰਾਂਤੋ ਜਿਹੀਆਂ ਪ੍ਰੀਮੀਅਮ ਰੇਲਗੱਡੀਆਂ ਨੂੰ ਹੀ 120 ਕਿਲੋਮੀਟਰ ਪ੍ਰਤੀ ਘੰਟਾ ’ਤੇ ਚੱਲਣ ਦੀ ਇਜਾਜ਼ਤ ਹੈ। – ਪੀਟੀਆਈ