ਮੁੰਬਈ, 17 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਜਲਵਾਯੂ ਤਬਦੀਲੀ ਦੀ ਗੰਭੀਰਤਾ ਨੂੰ ਸਮਝਿਆ ਹੈ ਅਤੇ ਗੁਜਰਾਤ ਵਿੱਚ ਇਸ ਲਈ ਵੱਖਰਾ ਮੰਤਰਾਲਾ ਸਥਾਪਿਤ ਕੀਤਾ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਤੋਂ ਬਗ਼ੈਰ ਦੇਸ਼ ਦੀ ਅੰਦਰੂਨੀ ਸੁਰੱਖਿਆ ਸੰਭਵ ਨਹੀਂ ਹੈ। ਹੁਣ ਤੱਕ ਸੀਆਰਪੀਐੱਫ ਦੇ ਦੋ ਹਜ਼ਾਰ ਤੋਂ ਵੱਧ ਜਵਾਨ ਦੇਸ਼ ਲਈ ਆਪਣੀਆਂ ਜਾਨਾਂ ਵਾਰ ਚੁੱਕੇ ਹਨ। ਸ਼ਾਹ, ਮਹਾਰਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਮੁੜਖੇੜ ਵਿੱਚ ਸੀਆਰਪੀਐੱਫ ਦੇ ਟਰੇਨਿੰਗ ਗਰਾਊਂਡ ਵਿੱਚ ਪੌਦੇ ਲਾਉਣ ਮਗਰੋਂ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਹ ਪਹਿਲੇ ਅਜਿਹੇ ਆਗੂ ਸਨ ਜਿਨ੍ਹਾਂ ਨੇ ਜਲਵਾਯੂ ਤਬਦੀਲੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਇਸ ਦਾ ਸੰਸਥਾਗਤ ਪ੍ਰਬੰਧਨ ਯਕੀਨੀ ਬਣਾਇਆ। ਜ਼ਿਆਦਾਤਰ ਮੁੱਖ ਮੰਤਰੀ ਸੜਕਾਂ ਬਣਾਉਣ, ਸਿੱਖਿਆ ਸਹੂਲਤਾਂ ਦੇਣ ਅਤੇ ਜਲ ਸਕੀਮਾਂ ’ਤੇ ਜ਼ੋਰ ਦਿੰਦੇ ਹਨ ਪਰ ਮੋਦੀ ਨੇ ਵੱਧ ਤੋਂ ਵੱਧ ਪੌਦੇ ਲਗਵਾ ਕੇ ਜਲਵਾਯੂ ਤਬਦੀਲੀ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ। ਸ਼ਾਹ ਨੇ ਅੱਗੇ ਕਿਹਾ,‘ਜੇ ਅਸੀਂ ਕੁਦਰਤ ਤੇ ਕਾਰਬਨ ਗੈਸਾਂ ਦੀ ਨਿਕਾਸੀ ਵਿਚਾਲੇ ਸੰਤੁਲਨ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਇਸ ਦਾ ਇਕੋ ਇਕ ਰਾਹ ਪੌਦੇ ਲਾਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 170 ਜ਼ਿਲ੍ਹਿਆਂ ਵਿੱਚ ਸੀਆਰਪੀਐੱਫ ਨੇ ਇਕ ਕਰੋੜ ਬੂਟੇ ਲਾਏ ਹਨ। -ਪੀਟੀਆਈ
ਸ਼ਾਹ ਵੱਲੋਂ ਹੈਦਰਾਬਾਦ ਮੁਕਤੀ ਦਿਵਸ ’ਤੇ ਸ਼ੁਭਕਾਮਨਾਵਾਂ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਮੁਕਤੀ ਦਿਵਸ ਦੇ ਮੌਕੇ ’ਤੇ ਤੇਲੰਗਾਨਾ ਅਤੇ ਮਰਾਠਵਾੜਾ ਖੇਤਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਦੇਸ਼ ਉਨ੍ਹਾਂ ਦਾ ਹਮੇਸ਼ਾਂ ਰਿਣੀ ਰਹੇਗਾ ਜਿਨ੍ਹਾਂ ਨੇ ਦੇਸ਼ ਦੀ ਏਕਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। 17 ਸਤੰਬਰ, 1948 ਨੂੰ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਆਰੰਭੀ ਫੌਜੀ ਕਾਰਵਾਈ ਦੇ ਬਾਅਦ ਹੈਦਰਾਬਾਦ ਰਾਜ ਨੂੰ ਭਾਰਤੀ ਸੰਘ ਵਿੱਚ ਮਿਲਾ ਦਿੱਤਾ ਗਿਆ ਸੀ। -ਪੀਟੀਆਈ