ਨਵੀਂ ਦਿੱਲੀ, 15 ਅਕਤੂਬਰ
ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਟਕਰਾਅ ਦਰਮਿਆਨ 471 ਭਾਰਤੀ ਨਾਗਰਿਕ ਤਲ ਅਵੀਵ ਤੋਂ ਦੋ ਉਡਾਣਾਂ ਰਾਹੀਂ ਅੱਜ ਸਵੇੇਰੇ ਕੌਮੀ ਰਾਜਧਾਨੀ ਪੁੱਜ ਗਏ। ਇਨ੍ਹਾਂ ਵਿਚੋਂ ਇਕ ਉਡਾਣ ਏਅਰ ਇੰਡੀਆ ਤੇ ਦੂਜੀ ਸਪਾਈਸਜੈੱਟ ਦੀ ਸੀ। ਇਜ਼ਰਾਈਲ ਤੋਂ ਵਾਪਸ ਆਉਣ ਦੇ ਇੱਛੁਕ ਭਾਰਤੀ ਨਾਗਰਿਕਾਂ ਲਈ ਵਿੱਢੇ ‘ਅਪਰੇਸ਼ਨ ਅਜੇਯ’ ਤਹਿਤ ਹੁਣ ਤੱਕ ਕੁੱਲ ਚਾਰ ਉਡਾਣਾਂ ਚਲਾਈਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ 197 ਯਾਤਰੀਆਂ ਵਾਲੀ ਤੀਜੀ ਉਡਾਣ ਅੱਜ ਸਵੇਰੇ ਦਿੱਲੀ ਹਵਾਈ ਅੱਡੇ ਪੁੱਜੀ ਹੈ। ਬਾਗਚੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਇਕ ਪੋਸਟ ਵਿਚ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ ਕਿ ਚੌਥੀ ਉਡਾਣ 274 ਯਾਤਰੀਆਂ ਨੂੰ ਲੈ ਕੇ ਕੌਮੀ ਰਾਜਧਾਨੀ ਵਿੱਚ ਉਤਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ 435 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਦੋ ਚਾਰਟਰਡ ਉਡਾਣਾਂ ਤਲ ਅਵੀਵ ਤੋਂ ਦਿੱਲੀ ਪੁੱਜੀਆਂ ਸਨ। -ਪੀਟੀਆਈ