ਲਖਨਊ, 6 ਅਕਤੂਬਰ
ਉੱਤਰ ਪ੍ਰਦੇਸ਼ ਸਰਕਾਰ ਨੇ ਵਿਰੋਧੀ ਧਿਰ ’ਤੇ ਲਖੀਮਪੁਰ ਖੀਰੀ ਜਿਹੀ ਘਟਨਾ ਪ੍ਰਤੀ ‘ਨਕਾਰਾਤਮਕ’ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਕਿਸੇ ਨੂੰ ਵੀ (ਸੂਬੇ ਦਾ) ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਦੇ ਤਰਜਮਾਨ ਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮਹਿਜ਼ ਫੋਟੋ ਖਿਚਵਾਉਣ ਦੇ ਮੌਕੇ ਵਜੋਂ ਲਖੀਮਪੁਰ ਖੀਰੀ ਜਾਣਾ ਚਾਹੁੰਦੀਆਂ ਹਨ। ਸਿੰਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹਵਾਲੇ ਨਾਲ ਕਿਹਾ ਕਿ ‘ਹੁਣ ਯੁਵਰਾਜ’ ਨੇ ਇਲਾਕੇ ਦਾ ਟੂਰ ਲਾਉਣ ਦਾ ਫੈਸਲਾ ਕੀਤਾ ਹੈ। ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਰਕਾਰ ਨੇ ਕਾਨੂੰਨ ਮੁਤਾਬਕ ਫੈਸਲਾ (ਪ੍ਰਵਾਨਗੀ ਨਾ ਦੇਣ) ਲਿਆ ਸੀ ਤੇ ਉਨ੍ਹਾਂ (ਰਾਹੁਲ ਗਾਂਧੀ) ਨੂੰ ਅਪੀਲ ਕੀਤੀ ਸੀ ਕਿ ਉਹ ਨਾ ਆਉਣ।’’ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਉਨ੍ਹਾਂ ਕਿਹਾ, ‘‘ਲਖੀਮਪੁਰ ਕੇਸ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।’’ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਸਿੰਘ ਨੇ ਕਿਹਾ, ‘‘ਹੁਣ ਇਕ ਪਾਰਟੀ ਦੇ ਯੁਵਰਾਜ ਸਿਆਸੀ ਸੈਰ-ਸਪਾਟੇ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਦੀ ਭੈਣ ਪਹਿਲਾਂ ਹੀ ਉਥੇ ਹੈ। ਯੁਵਰਾਜ ਨੂੰ ਸ਼ਾਇਦ ਇਹ ਯਾਦ ਨਾ ਹੋਵੇ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਐਮਰਜੈਂਸੀ ਮੌਕੇ ਕਤਲੇਆਮ ਹੋਇਆ ਸੀ। 1984 ਦੰਗਿਆਂ ’ਚ ਸਿੱਖਾਂ ਨੂੰ ਮਾਰਿਆ ਗਿਆ ਸੀ।’’ ਸਿੰਘ ਨੇ ਕਿਹਾ, ‘‘ਰਾਹੁਲ ਦਾ ਕਹਿਣਾ ਹੈ ਕਿ ਉਹ ਜ਼ਮੀਨੀ ਹਕੀਕਤਾਂ ਬਾਰੇ ਜਾਣਨ ਲਈ ਲਖੀਮਪੁਰ ਆਉਣਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਤਾਂ ਫਿਰ ਉਹ ਤੇ ਉਨ੍ਹਾਂ ਦੀ ਭੈਣ ਇਸ ਮਸਲੇ ’ਤੇ ਕਿਉਂ ਕੁੱਦ ਰਹੇ ਹਨ। ਤੁਸੀਂ ਇਕ ਡਰੋਨ ਦੀ ਫੋੋਟੋ ਪਾਈ ਹੈ, ਜੋ ਸੀਤਾਪੁਰ ਵਿੱਚ ਵਰਤਿਆ ਗਿਆ। ਇਸ ਵਿੱਚ ਕੀ ਗ਼ਲਤ ਹੈ। ਇਹ ਇਕ ਤਕਨੀਕ ਹੈ, ਜਿਸ ਦੀ ਪੁਲੀਸ ਵਰਤੋਂ ਕਰ ਰਹੀ ਹੈ।’ ਪੀੜਤਾਂ ਦੇ ਪੋਸਟ-ਮਾਰਟਮਾਂ ਨੂੰ ਲੈ ਕੇ ਰਾਹੁਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸਿੰਘ ਨੇ ਕਿਹਾ, ‘‘ਸਾਰੇ ਪਰਿਵਾਰ ਪੋਸਟ-ਮਾਰਟਮ ਰਿਪੋਰਟ ਨਾਲ ਸਹਿਮਤ ਸਨ। ਇਕ ਪਰਿਵਾਰ ਦੀ ਗੁਜ਼ਾਰਿਸ਼ ’ਤੇ ਦੁਬਾਰਾ ਪੋਸਟ-ਮਾਰਟਮ ਕਰਨ ਲਈ ਚਾਰ ਡਾਕਟਰਾਂ ਦਾ ਪੈਨਲ ਭੇਜਿਆ ਗਿਆ ਸੀ।’’ -ਪੀਟੀਆਈ