ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਪਰਾਲੀ ਸਾੜਨ ਦੇ ਮੁੱਦੇ ’ਤੇ ਭਾਜਪਾ ਅਤੇ ਕਾਂਗਰਸ ਉਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੇ ਪ੍ਰਦੂਸ਼ਣ ਵਿਚ 40 ਪ੍ਰਤੀਸ਼ਤ ਹਿੱਸਾ ਖੇਤਾਂ ਵਿਚ ਪਰਾਲੀ ਨੂੰ ਲਾਈ ਜਾਂਦੀ ਅੱਗ ਪਾਉਂਦੀ ਹੈ, ਪਰ ਵਿਰੋਧੀ ਧਿਰਾਂ ਇਹ ਮੰਨਣ ਲਈ ਤਿਆਰ ਨਹੀਂ ਹਨ। ਭੂ-ਵਿਗਿਆਨ ਮੰਤਰਾਲੇ ਦਾ ਹਵਾ ਦੀ ਗੁਣਵੱਤਾ ਮਾਪਣ ਵਾਲੇ ‘ਸਫਰ’ ਮੁਤਾਬਕ ਐਤਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਵਿਚ ਚਾਲੀ ਫ਼ੀਸਦ ਹਿੱਸਾ ਸਾੜੀ ਜਾ ਰਹੀ ਪਰਾਲੀ ਪਾ ਰਹੀ ਸੀ ਜੋ ਕਿ ਇਸ ਸਾਲ ਦਾ ਸਭ ਤੋਂ ਵੱਧ ਹੈ। ਸ੍ਰੀ ਰਾਏ ਨੇ ਕਿਹਾ, ‘ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਦਿੱਲੀ ’ਚ ਦੀਵਾਲੀ ਨੇੜੇ ਪ੍ਰਦੂਸ਼ਣ ਦੇ ਗੰਭੀਰ ਪੱਧਰ ਤੱਕ ਪਹੁੰਚਣ ਲਈ ਪਰਾਲੀ ਸਾੜਨਾ ਇੱਕ ਮੁੱਖ ਕਾਰਨ ਹੈ ਪਰ ਭਾਜਪਾ ਤੇ ਕਾਂਗਰਸ ਦਾ ਕਹਿਣਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੀ ਹਿੱਸੇਦਾਰੀ ਚਾਰ ਤੋਂ ਛੇ ਫੀਸਦ ਹੈ ਜਦਕਿ ਅੰਕੜਿਆਂ ਅਨੁਸਾਰ ਇਹ ਹਿੱਸੇਦਾਰੀ 40 ਫੀਸਦ ਹੈ।’ -ਪੀਟੀਆਈ