ਮੁੰਬਈ, 7 ਅਪਰੈਲ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਵਿਰੋਧੀ ਧਿਰ ਨੇ ਕੋਵਿਡ ਕਾਰਨ ਲਾਈਆਂ ਪਾਬੰਦੀਆਂ ਦੀ ਹਮਾਇਤ ਕੀਤੀ ਤੇ ਹੁਣ ਮਹਾਰਾਸ਼ਟਰ ਸਰਕਾਰ ਦੀ ਇਸੇ ਲਈ ਨਿਖੇਧੀ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਮਹਾਮਾਰੀ ਦੌਰਾਨ ਸਿਆਸਤ ਕਰਨ ਤੋਂ ਬਚਣਾ ਚਾਹੀਦਾ ਹੈ। ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਹਰ ਜ਼ਿੰਦਗੀ ਅਹਿਮ ਹੈ, ਇਸ ਲਈ ਸਿਆਸੀਕਰਨ ਤੋਂ ਬਚਣਾ ਚਾਹੀਦਾ ਹੈ। ਰਾਊਤ ਨੇ ਕਿਹਾ ਕਿ ਗੁਜਰਾਤ ਜਿੱਥੇ ਭਾਜਪਾ ਸੱਤਾ ਵਿਚ ਹੈ, ਹਾਈ ਕੋਰਟ ਨੇ ਲੌਕਡਾਊਨ ਦੇ ਹੁਕਮ ਦਿੱਤੇ ਹਨ। ਪਰ ਮਹਾਰਾਸ਼ਟਰ ਵਿਚ ਭਾਜਪਾ ਇਸ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਸਖ਼ਤ ਫ਼ੈਸਲੇ ਲੈਣ ਦੇ ਹੱਕ ਵਿਚ ਨਹੀਂ ਹੈ, ਪਰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਦਮ ਹੰਗਾਮੀ ਸਥਿਤੀ ਵਿਚ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਸ਼ਨਿਚਰਵਾਰ-ਐਤਵਾਰ ਨੂੰ ਲੌਕਡਾਊਨ ਅਤੇ 30 ਅਪਰੈਲ ਤੱਕ ਰਾਤ ਨੂੰ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। -ਪੀਟੀਆਈ