ਮੁੰਬਈ, 21 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਰੋਧੀ ਧਿਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਲੋਕਾਂ ਦਾ ਭਰੋਸਾ ਜਿੱਤਣ ਲਈ ਕੰਮ ਕਰਨ। ਉਨ੍ਹਾਂ ਵਿਰੋਧੀ ਧਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟ ਅਤੇ ਮਜ਼ਬੂਤ ਰਹਿਣ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸ਼ੁੱਕਰਵਾਰ ਨੂੰ ਵਿਰੋਧੀ ਆਗੂਆਂ ਦੀ ਸੱਦੀ ਗਈ ਵਰਚੁਅਲ ਮੀਟਿੰਗ ਦੌਰਾਨ ਠਾਕਰੇ ਨੇ ਇਹ ਅਪੀਲ ਕੀਤੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਆਗੂ ਸੰਜੈ ਰਾਊਤ ਨੇ ਠਾਕਰੇ ਦੇ ਬਿਆਨ ਦਾ ਹਵਾਲਾ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ’ਚ ਸੱਤਾ ਦੀ ਕੋਈ ਭੁੱਖ ਨਹੀਂ ਹੈ ਪਰ ਜਦੋਂ ਸੱਤਾ ਦੀ ਕੁਰਸੀ ਦਿਸਣ ਲੱਗ ਪਏ ਤਾਂ ਵੀ ਲੋਕਾਂ ’ਚ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਵਿਰੋਧੀ ਪਾਰਟੀਆਂ ਮਜ਼ਬੂਤ ਅਤੇ ਇਕਜੁੱਟ ਰਹਿਣਗੀਆਂ। ਰਾਊਤ ਨੇ ਕਿਹਾ ਕਿ ਬੈਠਕ ਦੌਰਾਨ ਪੈਗਾਸਸ ਜਾਸੂਸੀ ਕਾਂਡ, ਕਿਸਾਨਾਂ, ਮਹਿੰਗਾਈ ਅਤੇ ਲੋਕਤੰਤਰ ’ਤੇ ਹਮਲੇ ਜਿਹੇ ਕਈ ਮੁੱਦਿਆਂ ਬਾਰੇ ਵੀ ਵਿਚਾਰਾਂ ਹੋਈਆਂ। ਅਫ਼ਗਾਨਿਸਤਾਨ ਦੇ ਘਟਨਾਕ੍ਰਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਤਾਲਿਬਾਨ ਤੋਂ ਖ਼ਤਰਾ ਹੈ ਕਿਉਂਕਿ ਉਸ ਨੂੰ ਪਾਕਿਸਤਾਨ ਅਤੇ ਚੀਨ ਦੀ ਹਮਾਇਤ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ’ਚ ਤਾਲਿਬਾਨ ਦੀ ਹਮਾਇਤ ’ਚ ਸੁਰਾਂ ਉਭਰਦੀਆਂ ਹਨ ਤਾਂ ਸਰਕਾਰ ਨੂੰ ਉਹ ਤੁਰੰਤ ਕੁਚਲ ਦੇਣੀਆਂ ਚਾਹੀਦੀਆਂ ਹਨ। -ਪੀਟੀਆਈ