ਪ੍ਰਤਾਪਗੜ੍ਹ, 16 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇੰਡੀਆ ਗੱਠਜੋੜ ਪੰਜ ਸਾਲਾਂ ਅੰਦਰ ਪੰਜ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ 4 ਜੂਨ ਤੋਂ ਬਾਅਦ ਇਹ (ਇੰਡੀਆ ਗੱਠਜੋੜ) ਖਿੰਡ-ਪੁੰਡ ਜਾਵੇਗਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ। ਪ੍ਰਧਾਨ ਮੰਤਰੀ ਨੇ ਅੱਜ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਇਲਾਵਾ, ਆਜ਼ਮਗੜ੍ਹ, ਭਦੋਹੀ ਤੇ ਜੌਨਪੁਰ ’ਚ ਵੀ ਰੈਲੀਆਂ ਕੀਤੀਆਂ।
ਪ੍ਰਤਾਪਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਸਥਿਰ ਐੱਨਡੀਏ ਸਰਕਾਰ ਨੂੰ ਹਟਾਉਣਾ ਅਤੇ ਪੰਜ ਸਾਲਾਂ ਅੰਦਰ ਪੰਜ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘4 ਜੂਨ ਨੂੰ ਕਈ ਚੀਜ਼ਾਂ ਹੋਣਗੀਆਂ। ਇੰਡੀ ਗੱਠਜੋੜ ਖਿੰਡ-ਪੁੰਡ ਜਾਵੇਗਾ ਅਤੇ ਉਹ ਇਸ ਹਾਰ ਲਈ ਬਲੀ ਦਾ ਬੱਕਰਾ ਲੱਭਣਗੇ।’ ਰਾਹੁਲ ਗਾਂਧੀ ਦੇ ਸੱਤਾ ’ਚ ਆਉਣ ’ਤੇ ਮਹਿਲਾਵਾਂ ਦੇ ਖਾਤੇ ’ਚ ‘ਖਟਾ-ਖਟ ਖਟਾ-ਖਟ’ ਪੈਸੇ ਭੇਜਣ ਦੇ ਬਿਆਨ ’ਤੇ ਤਨਜ਼ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘4 ਜੂਨ ਤੋਂ ਬਾਅਦ ਮੋਦੀ ਸਰਕਾਰ ਜ਼ਰੂਰ ਬਣੇਗੀ ਪਰ ਇੰਡੀਆ ਗੱਠਜੋੜ ‘ਖਟਾ-ਖਟ, ਖਟਾ-ਖਟ’ ਖਿੰਡ ਜਾਵੇਗਾ।’ ਰਾਹੁਲ ਗਾਂਧੀ ਤੇ ਸਪਾ ਆਗੂ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ, ‘ਲਖਨਊ ਤੇ ਦਿੱਲੀ ਦੇ ਸ਼ਹਿਜ਼ਾਦੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਵਿਦੇਸ਼ ਚਲੇ ਜਾਣਗੇ।’ ਉਨ੍ਹਾਂ ਕਿਹਾ ਕਿ ਸੋਨੇ ਦਾ ਚੰਮਚ ਮੂੰਹ ’ਚ ਲੈ ਕੇ ਪੈਦਾ ਹੋਣ ਵਾਲਿਆਂ ਲਈ ਦੇਸ਼ ਚਲਾਉਣਾ ਕੋਈ ਖੇਡ ਨਹੀਂ ਹੈ। ਉਨ੍ਹਾਂ ਕਿਹਾ, ‘ਉਹ ਪਹਿਲਾਂ ਅਮੇਠੀ ਤੋਂ ਗਏ ਅਤੇ ਹੁਣ ਰਾਏ ਬਰੇਲੀ ਤੋਂ ਜਾਣਗੇ। ਸਾਡਾ ਮੁਲਕ ਕਹਿ ਰਿਹਾ ਹੈ ਕਿ ਤੀਜੀ ਮਿਆਦ ’ਚ ਉਨ੍ਹਾਂ ਦੀ ਸਰਕਾਰ ਵਧੇਰੇ ਤਾਕਤਵਰ ਬਣੇਗੀ।’ ਇਸੇ ਦੌਰਾਨ ਆਜ਼ਮਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਰੋਧੀ ਧਿਰ ’ਤੇ ਨਾਗਰਿਕਤਾ (ਸੋਧ) ਕਾਨੂੰਨ ਬਾਰੇ ਝੂਠ ਫੈਲਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਇਹ ਕਾਨੂੰਨੀ ਇੱਥੇ ਹੀ ਰਹੇਗਾ ਅਤੇ ਇਸ ਨੂੰ ਕੋਈ ਹਟਾ ਨਹੀਂ ਸਕੇਗਾ। ਉਨ੍ਹਾਂ ਕਿਹਾ, ‘ਤੁਸੀਂ ਜੋ ਕਰਨਾ ਹੈ ਕਰੋ ਪਰ ਤੁਸੀਂ ਸੀਏਏ ਕਦੀ ਨਹੀਂ ਹਟਾ ਸਕੋਗੇ।’ ਉਨ੍ਹਾਂ ਕਾਂਗਰਸ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਲੋਕ ਮਹਾਤਮਾ ਗਾਂਧੀ ਦਾ ਨਾਂ ਲੈ ਕੇ ਸੱਤਾ ਦੀਆਂ ਪੌੜੀਆਂ ਚੜ੍ਹ ਤਾਂ ਜਾਂਦੇ ਹਨ ਪਰ ਗਾਂਧੀ ਦੀਆਂ ਗੱਲਾਂ ਯਾਦ ਨਹੀਂ ਰੱਖਦੇ। ਜੌਨਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਦੇਸ਼ ਲਈ ਉਹ ਆਗੂ ਚੁਣਨ ਦਾ ਮੌਕਾ ਹਨ ਜੋ ਇਸ ਨੂੰ ਮਜ਼ਬੂਤੀ ਨਾਲ ਚਲਾ ਸਕੇ ਅਤੇ ਦੁਨੀਆ ਨੂੰ ਭਾਰਤ ਦੀ ਤਾਕਤ ਤੋਂ ਜਾਣੂ ਕਰਵਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ’ਚ ਇੰਡੀ ਗੱਠਜੋੜ ਲਈ ਇੱਕ ਵੀ ਸੀਟ ਜਿੱਤਣਾ ਮੁਸ਼ਕਲ ਹੈ। ਭਦੋਹੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਤੇ ਕਾਂਗਰਸ ‘ਟੀਐੱਮਸੀ ਦੀ ਸਿਆਸਤ’ ਨੂੰ ਅਜ਼ਮਾਉਣਾ ਚਾਹੁੰਦੀ ਹੈ। ਉਨ੍ਹਾਂ ਇਸ ਨੂੰ ਤੁਸ਼ਟੀਕਰਨ ਅਤੇ ਮਹਿਲਾਵਾਂ ਤੇ ਦਲਿਤਾਂ ’ਤੇ ਤਸ਼ੱਦਦ ਦੀ ਸਿਆਸਤ ਕਰਾਰ ਦਿੱਤਾ। -ਪੀਟੀਆਈ