ਨਵੀਂ ਦਿੱਲੀ, 2 ਦਸੰਬਰ
ਵਿਰੋਧੀ ਧਿਰਾਂ ਨੇ ਅੱਜ ਰਾਜ ਸਭਾ ਵਿੱਚ ਸਰਕਾਰ ਨੂੰ ਮਹਿੰਗਾਈ ਦੇ ਮੁੁੱਦੇ ’ਤੇ ਘੇਰਿਆ। ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰਾਂ ਨੇ ਮਹਿੰਗਾਈ ਨੂੰ ਲੈ ਕੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਚੇਅਰ ਨੇ ਖਾਰਜ ਕਰ ਦਿੱਤਾ। ਵਿਰੋਧੀ ਧਿਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮਗਰੋਂ ਉਹ ਸਦਨ ’ਚੋਂ ਵਾਕਆਊਟ ਕਰ ਗਈਆਂ। ਕਾਂਗਰਸ ਦੇ ਸੰਸਦ ਮੈਂਬਰ ਕੇ.ਸੀ.ਵੇਣੂਗੋਪਾਲ ਨੇ ਨੇਮ 267 ਤਹਿਤ ਸੰਸਦੀ ਕਾਰਵਾਈ ਨੂੰ ਮੁਅੱਤਲ ਕਰਨ ਦੀ ਮੰਗ ਕਰਦਿਆਂ ਜ਼ਰੂਰੀ ਵਸਤਾਂ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ’ਤੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ, ਜਿਸ ਨੂੰ ਚੇਅਰ ਨੇ ਖਾਰਜ ਕਰ ਦਿੱਤਾ।
ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਚੇਅਰ ਨੂੰ ਅਪੀਲ ਕੀਤੀ ਕਿ ‘ਇਹ ਅਹਿਮ ਮੁੱਦਾ’ ਹੈ ਜਿਸ ਕਰਕੇ ਇਸ ’ਤੇ ਚਰਚਾ ਕਰਨੀ ਬਣਦੀ ਹੈ। ਇਸ ਤੋਂ ਪਹਿਲਾਂ ਚੇਅਰ ਨੇ ਆਨੰਦ ਸ਼ਰਮਾ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਵੀ ਰੱਦ ਕਰ ਦਿੱਤਾ। ਕਾਂਗਰਸ ਦੇ ਸ਼ਕਤੀ ਸਿੰਘ ਗੋਹਿਲ ਨੇ ਕਿਹਾ, ‘‘ਅਸੀਂ ਰੋਸ ਵਜੋਂ ਸਦਨ ’ਚੋਂ ਬਾਹਰ ਆ ਗਏ।’’ ਇਸ ਤੋਂ ਪਹਿਲਾਂ ਸਦਨ ਵਿੱਚ ਵਿਰੋਧੀ ਧਿਰਾਂ ਵੱਲੋਂ 12 ਐੱਮਪੀ’ਜ਼ ਦੀ ਮੁਅੱਤਲੀ ਦਾ ਫੈਸਲਾ ਵਾਪਸ ਲਏੇ ਜਾਣ ਨੂੰ ਪਾਏ ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
ਦੱਸਣਾ ਬਣਦਾ ਹੈ ਕਿ ਕਾਂਗਰਸ ਨੇ ਅੱਜ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਲਈ ਸੰਸਦ ਦੇ ਦੋਵਾਂ ਸਦਨਾਂ ਵਿੱਚ ਨੋਟਿਸ ਦਿੱਤਾ ਸੀ ਤੇ ਪਾਰਟੀ ਵੱਲੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ’ਤੇ ਚਰਚਾ ਦੀ ਮੰਗ ਕੀਤੀ ਗਈ ਸੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਨੋਟਿਸ ਵਿੱਚ ਕਿਹਾ, ‘ਮਹਿੰਗਾਈ ਦੀ ਵਧਦੀ ਦਰ ਨੇ ਦੇਸ਼ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਵੱਡੀ ਸੱਟ ਮਾਰੀ ਹੈ। ਖਾਣ ਵਾਲੇ ਤੇਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ ਤੇ ਈਂਧਣ ਵੱਲੋਂ ਰੋਜ਼ ਨਵੇਂ ਰਿਕਾਰਡ ਤੋੜੇ ਜਾ ਰਹੇ ਹਨ।’’ -ਆਈਏਐੱਨਐੱਸ
ਵਿਰੋਧੀ ਧਿਰਾਂ ਵੱਲੋਂ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਸੰਸਦੀ ਅਹਾਤੇ ’ਚ ਪ੍ਰਦਰਸ਼ਨ
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੇ ਆਗੂਆਂ ਨੇ 12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਅੱਜ ਇਥੇ ਸੰਸਦੀ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਤੇ ਉਹ ਮੁਅੱਤਲ ਮੈਂਬਰਾਂ ਦੇ ਪਿੱਛੇ ਬੈਠੇ। ਮੈਂਬਰਾਂ ਨੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੁਅੱਤਲੀ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਰਾਜ ਸਭਾ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਸੋਮਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਨੂੰ ਪਿਛਲੇ ਮੌਨਸੂਨ ਇਜਲਾਸ ਦੌਰਾਨ ਵਿਖਾਏ ‘ਗ਼ਲਤ’ ਵਿਹਾਰ ਲਈ ਮੌਜੂਦਾ (ਸਰਦ ਰੁੱਤ) ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਸਦਨ ਦੇ ਨੇਮਾਂ ਦੀ ਉਲੰਘਣਾ ਕਰਕੇ ਮੈਂਬਰਾਂ ਨੂੰ ਕਥਿਤ ਗ਼ਲਤ ਤਰੀਕੇ ਨਾਲ ਮੁਅੱਤਲ ਕੀਤਾ ਗਿਆ ਹੈ। -ਪੀਟੀਆਈ